ਦਿੜਬਾ ਮੰਡੀ, 15 ਦਸੰਬਰ ਸਤਪਾਲ ਖਡਿਆਲ
ਸਥਾਨਕ ਹਲਕੇ ਅੰਦਰ ਜਿਲਾ ਪ੍ਰੀਸਦ ਅਤੇ ਸੰਮਤੀ ਚੋਣਾਂ ਨੂੰ ਲੈ ਕੇ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ ਗਿਆ ਹੈ। ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਲੋਕਾਂ ਨੇ ਇਨ੍ਹਾਂ ਚੋਣਾਂ ਵਿੱਚ ਬਹੁਤ ਘੱਟ ਦਿਲਚਸਪੀ ਦਿਖਾਈ ਹੈ। ਪਿਛਲੀ ਚੋਣ ਸਮੇਂ ਅਕਾਲੀ ਦਲ ਅਤੇ ਕਾਂਗਰਸ ਦਾ ਇੱਥੇ ਜਬਰਦਸਤ ਮੁਕਾਬਲਾ ਹੋਣ ਕਾਰਣ ਬੜੀ ਗਹਿਮਾਗਹਿਮੀ ਦੇਖਣ ਨੂੰ ਮਿਲੀ ਸੀ।
ਲੋਕਾਂ ਦਾ ਜਿਆਦਾਤਰ ਇਹ ਵੀ ਮੰਨਣਾ ਹੈ ਕਿ ਇਹ ਚੋਣ ਤਾਂ ਮੌਜੂਦਾ ਹੁਕਮਰਾਨਾਂ ਨੇ ਵਿੰਗੇ ਟੇਢੇ ਤਰੀਕਿਆਂ ਨਾਲ ਜਿੱਤ ਹੀ ਜਾਣੀ ਹੁੰਦੀ ਹੈ ਫੇਰ ਕਿਉਂ ਆਪਣਾ ਸਮਾਂ ਖਰਾਬ ਕੀਤਾ ਜਾਵੇ। ਕਈ ਥਾਵਾਂ ਤੇ ਲੋਕ ਆਪਣੀਆਂ ਪਾਰਟੀਆਂ ਦੀ ਕਾਰਜਸ਼ੈਲੀ ਨੂੰ ਲੈਕੇ ਵੀ ਦੁਖੀ ਦਿਖਾਈ ਦਿੱਤੇ।
ਹਲਕੇ ਵਿੱਚ ਲਗਾਤਾਰ ਚੱਲ ਰਹੀ ਵਿਕਾਸ ਕਾਰਜਾਂ ਦੀ ਹਨੇਰੀ ਦੌਰਾਨ ਲੋਕਾਂ ਵਲੋਂ ਸੱਤਾ ਧਿਰ ਖੁੱਲ ਕੇ ਫਤਵਾ ਨਾ ਦੇਣਾ ਸੋਚਣ ਤੇ ਵਿਚਾਰਨ ਦਾ ਵਿਸਾ ਹੈ। ਚਾਰ ਜਿਲਾ ਪ੍ਰੀਸਦ ਜੋਨਾ ਵਿੱਚ ਮਹਿਲਾ, ਛਾਜਲੀ ਜੋਨ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦਰਮਿਆਨ ਸੀ। ਜਿੱਥੇ ਆਪ ਵੱਲੋਂ ਪੂਰਾ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਸੀ। ਮਹਿਲਾਂ ਜੋਨ ਤੋਂ ਕੋਈ ਰਿਟਾਇਰਡ ਅਫ਼ਸਰ ਦਾ ਪਰਿਵਾਰ ਮੈਦਾਨ ਵਿੱਚ ਸੀ । ਜਦਕਿ ਅਕਾਲੀ ਦਲ ਬਾਦਲ ਵਲੋਂ ਸਾਬਕਾ ਸਰਪੰਚ ਮੇਜਰ ਸਿੰਘ ਗੁੱਜਰਾਂ ਦਾ ਪਰਿਵਾਰ ਲੜ ਰਿਹਾ ਸੀ। ਛਾਜਲੀ ਜੋਨ ਤੋਂ ਪਵਿੱਤਰ ਸਿੰਘ ਬੈਨੀਪਾਲ ਗੰਢੂਆਂ ਅਤੇ ਸਾਬਕਾ ਸਰਪੰਚ ਜੱਗਾ ਛਾਜਲਾ ਦੀ ਭਰਵੀਂ ਟੱਕਰ ਦੇਖਣ ਨੂੰ ਮਿਲੀ।ਰੋਗਲਾ,ਜਖੇਪਲ ਜੋਨ ਤੋਂ ਅਕਾਲੀ, ਕਾਂਗਰਸ, ਆਪ ਦੀ ਤਿਕੌਣੀ ਟੱਕਰ ਸੀ। ਬਲਾਕ ਸੰਮਤੀ ਚੋਣਾਂ ਵਿੱਚ ਕਈ ਥਾਵਾਂ ਤੇ ਅਕਾਲੀ, ਕਾਂਗਰਸ ਦੇ ਉਮੀਦਵਾਰ ਘੱਟ ਲੜੇ ਹਨ। ਖਡਿਆਲ ਜੋਨ ਤੋਂ ਬਲਾਕ ਸੰਮਤੀ ਵਿੱਚ ਕਾਂਗਰਸ ਦਾ ਕੋਈ ਉਮੀਦਵਾਰ ਨਹੀਂ ਸੀ ਜਦਕਿ ਪਿਛਲੀ ਵਾਰ ਦਸ ਵਜੇ ਨੂੰ ਜੈਤੂ ਘੋਸਿ਼ਤ ਹੋਣ ਵਾਲੇ ਇਸ ਵਾਰੀ ਝਾੜੂ ਚੁੱਕੀ ਫਿਰਦੇ ਸਨ। ਮਹਿਲਾਂ ਵਿੱਚ ਅਕਾਲੀ ਦਲ ਬਾਦਲ ਨੇ ਪ੍ਸਿੱਧ ਕੁਮੈਂਟੇਟਰ ਰਾਮ ਸਿੰਘ ਜਸਨ ਮਹਿਲਾਂ ਨੂੰ ਸਮਰਥਨ ਦਿੱਤਾ। ਬੀਜੇਪੀ ਸਮੇਤ ਪੁਨਰ ਅਕਾਲੀ ਦਲ ਵੀ ਕਈ ਥਾਵਾਂ ਉੱਤੇ ਲੜ ਰਿਹਾ ਸੀ।
ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਨਵਜੋਤ ਕੌਰ ਸਿੱਧੂ ਦੇ ਗੈਰ ਇਖਲਾਕੀ ਬਿਆਨਾਂ ਕਰਕੇ ਜਿੱਥੇ ਕਾਂਗਰਸ ਦਾ ਬਿਸਤਰਾ ਪੰਜਾਬ ਭਰ ਗੋਲ ਹੁੰਦਾ ਨਜ਼ਰ ਆਇਆ। ਉੱਥੇ ਅਕਾਲੀ ਦਲ ਬਾਦਲ ਦੇ ਡਾਇਨਾਸੋਰਾਂ ਨੇ ਆਪ ਦੇ ਹੌਸਲਿਆਂ ਨੂੰ ਅਸਤ ਕਰਨ ਦੀ ਪੂਰੀ ਵਾਹ ਲਾਈ। ਹਲਕਾ ਵਿਧਾਇਕ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾਂ ਨੂੰ ਇਨ੍ਹਾਂ ਚੋਣਾਂ ਨੇ ਆਪਣੀ ਰਣਨੀਤੀ ਬਦਲਣ ਲਈ ਜਰੂਰ ਇਸਾਰਾ ਕੀਤਾ ਹੈ। ਹਲਕੇ ਵਿੱਚ ਜਰਨਲ ਵਰਗ ਨੂੰ ਮੋਢਿਆਂ ਉੱਤੇ ਲੈਕੇ ਚੱਲ ਰਹੇ ਵਜੀਰ ਸਾਬ ਨੂੰ ਉਹ ਹੁੰਗਾਰਾ ਨਹੀਂ ਮਿਲਿਆ ਜੋ ਪਹਿਲੀਆਂ ਚੋਣਾਂ ਦੌਰਾਨ ਮਿਲਿਆ ਸੀ। ਦੋ ਵਾਰ ਚੋਣਾਂ ਹਾਰ ਚੁੱਕੇ ਅਕਾਲੀ ਦਲ ਬਾਦਲ ਨੂੰ ਜਿਸ ਤਰ੍ਹਾਂ ਲੋਕਾਂ ਨੇ ਕਬੂਲਿਆ ਹੈ ਉਸ ਨਾਲ ਅਗਲੀ ਵਿਧਾਨ ਸਭਾ ਵਿੱਚ ਦੋਵਾਂ ਦਾ ਫਾਈਨਲ ਫੇਰ ਤੈਅ ਹੁੰਦਾ ਜਾ ਰਿਹਾ ਹੈ।
ਜੇਕਰ ਕਾਂਗਰਸ ਕੋਈ ਕਿਰਸਮਾ ਦਿਖਾ ਗਈ ਤਾਂ ਮੁਕਾਬਲਾ ਤਿਕੌਣਾ ਵੀ ਹੋ ਸਕਦਾ ਹੈ। ਅਕਾਲੀ ਦਲ ਬਾਦਲ ਨੂੰ ਇੱਕ ਪੁਰਾਣੇ ਨੇਤਾ ਦੀ ਵਾਪਸੀ ਦਾ ਭਾਵੇਂ ਕੋਈ ਜਿਆਦਾ ਲਾਭ ਨਹੀਂ ਮਿਲਿਆ ਕਿਉਂਕਿ ਉਨ੍ਹਾਂ ਦੇ ਪੁਰਾਣੇ ਵਰਕਰ ਝਾੜੂ ਨਾਲ ਅੰਦਰ ਖਾਤੇ ਸਫਾਈਆ ਕਰਦੇ ਰਹੇ ਪਰ ਯੂਥ ਆਗੂ ਹਰਪਾਲ ਸਿੰਘ ਖਡਿਆਲ ਅਤੇ ਸਤਗੁਰ ਸਿੰਘ ਘੁਮਾਣ ਹੋਰਨਾਂ ਦੀ ਚੰਗੀ ਅਗਵਾਈ ਮਿਲੀ।
ਗੁਲਜ਼ਾਰ ਸਿੰਘ ਮੂਣਕ ਬੀਮਾਰ ਹੋਣ ਕਾਰਣ ਇਸ ਮੈਚ ਵਿੱਚ ਭਾਵੇਂ ਰੇਡਾਂ ਨਹੀਂ ਪਾ ਸਕੇ ਪਰ ਟੀਮ ਦਾ ਪ੍ਦਰਸ਼ਨ ਸ਼ਾਨਦਾਰ ਰਿਹਾ।
ਨੌਜਵਾਨ ਜਿਲਾ ਪ੍ਧਾਨ ਜਗਦੇਵ ਸਿੰਘ ਗਾਗਾ ਨੇ ਪਾਰਟੀ ਨੂੰ ਮਜਬੂਤ ਬਨਾਉਣ ਲਈ ਪੂਰਾ ਤਾਣ ਲਾਇਆ ਪਰ ਅੰਦਰੂਨੀ ਫੁੱਟ ਦੇ ਫੱਟ ਹਾਲੇ ਭਰ ਨਹੀਂ ਪਾਏ।
ਚੋਣਾਂ ਤੋਂ ਬਾਅਦ ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿੱਚ ਬੰਦ ਹੋ ਗਈ ਹੈ। ਅਗਲੇ ਦਿਨਾਂ ਵਿੱਚ ਨਤੀਜੇ ਆਉਣੇ ਬਾਕੀ ਹਨ।
ਅਮਨ ਸ਼ਾਂਤੀ ਬਨਾਉਣ ਲਈ ਐਡਵੋਕੇਟ ਚੀਮਾਂ ਸਮੇਤ ਸਾਰੇ ਆਗੂਆਂ ਨੇ ਲੋਕਾਂ ਦਾ ਧੰਨਵਾਦ ਕੀਤਾ।।

