ਖੰਨਾ, ਲੁਧਿਆਣਾ, 9 ਮਾਰਚ:
ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਸਟਰ ਅਵਤਾਰ ਸਿੰਘ ਦੈਹਿੜੂ ਨੇ ਸਾਂਝੇ ਤੌਰ ‘ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਆਪਣਾ ਸਭ ਤੋਂ ਵੱਡਾ ਚੋਣ ਵਾਅਦਾ ਪੂਰਾ ਕਰ ਦਿੱਤਾ ਹੈ, ਜਿਸ ਤਹਿਤ ਪੰਜਾਬ ਭਰ ਦੀਆਂ ਮਹਿਲਾਵਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1,000 ਰੁਪਏ, ਜਦਕਿ ਅਨੁਸੂਚਿਤ ਜਾਤੀ ਭਾਈਚਾਰਿਆਂ ਨਾਲ ਸਬੰਧਤ ਔਰਤਾਂ ਨੂੰ 1,500 ਮਿਲਣਗੇ, ਜਿਸ ਲਈ ਬਜਟ ਵਿੱਚ 9,300 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।
ਦੋਵੇਂ ਆਗੂਆਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦਾ “ਸਾਰੀਆਂ ਗਰੰਟੀਆਂ ਪੂਰੀਆਂ” ਬਜਟ ਚੋਣ ਵਾਅਦਿਆਂ ਨੂੰ ਪੂਰਾ ਕਰਨ ਸਬੰਧੀ ਆਮ ਆਦਮੀ ਪਾਰਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸਦੇ ਨਾਲ ਹੀ ਬਜਟ ਵਿੱਚ ਸੂਬੇ ਭਰ ਦੀਆਂ ਔਰਤਾਂ ਨੂੰ ਸਸ਼ਕਤ ਬਣਾਉਣ ਅਤੇ ਹਰ ਇੱਕ ਪੰਜਾਬੀ ਪਰਿਵਾਰ ਨੂੰ ਸਮਰਥਨ ਦੇਣ ਲਈ ਮੁਫਤ ਬੱਸ ਯਾਤਰਾ, ਮੁਫਤ ਬਿਜਲੀ ਅਤੇ ਨਕਦੀ ਰਹਿਤ ਸਿਹਤ ਸੰਭਾਲ ਵਰਗੀਆਂ ਸਹੂਲਤਾਂ ਨੂੰ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ।
ਪੰਜਾਬ ਦੇ ਬਜਟ ਨੂੰ ਲੋਕ-ਪੱਖੀ ਦੱਸਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਬਜਟ ਇਹ ਯਕੀਨੀ ਬਣਾਉਂਦਾ ਹੈ ਕਿ ਔਰਤਾਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਭਲਾਈ ਉਪਾਵਾਂ ਅਤੇ ਜਨਤਕ ਸੇਵਾਵਾਂ ਰਾਹੀਂ ਨਿਰੰਤਰ ਸਹਾਇਤਾ ਮਿਲਦੀ ਰਹੇ।
ਇਹਨਾਂ ਆਗੂਆਂ ਨੇ ਸਮਾਜ ਦੇ ਹਰ ਵਰਗ ਦਾ ਧਿਆਨ ਰੱਖਣ ਵਾਲਾ ਬਜਟ ਪੇਸ਼ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਬਜਟ ਨਹੀਂ ਹੈ ਸਗੋਂ ਰਾਜ ਦੀ ਤਰੱਕੀ ਅਤੇ ਇਸਦੇ ਲੋਕਾਂ ਦੀ ਖੁਸ਼ਹਾਲੀ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਦੇ ਬਜਟ ਅਕਸਰ ਕਾਗਜ਼ੀ ਐਲਾਨਾਂ ਤੱਕ ਸੀਮਤ ਰਹਿੰਦੇ ਸਨ, ਜਦਕਿ ਲੋਕਾਂ ਨੂੰ ਅਸਲ ਮਾਇਨੇ ਵਿੱਚ ਇਨ੍ਹਾਂ ਬਜਟਾਂ ਦਾ ਕੋਈ ਬਹੁਤਾ ਲਾਭ ਨਹੀਂ ਸੀ ਹੁੰਦਾ। ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਪੇਸ਼ ਹੋਏ ਬਜਟ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਠੋਸ ਨੀਤੀਆਂ ਲਿਆਉਣ ਦੀ ਬਜਾਏ ਸਦਾ ਬਿਆਨਬਾਜ਼ੀ ਅਤੇ ਕਾਵਿਕ ਹਵਾਲਿਆਂ ਤੱਕ ਸੀਮਤ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਮੁਫਤ ਬੱਸ ਯਾਤਰਾ, ਮੁਫਤ ਬਿਜਲੀ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਨਕਦੀ ਰਹਿਤ ਇਲਾਜ ਸ਼ਾਮਲ ਹੈ।
ਜਗਤਾਰ ਸਿੰਘ ਗਿੱਲ ਰਤਨਹੇੜੀ ਅਤੇ ਮਾਸਟਰ ਅਵਤਾਰ ਸਿੰਘ ਦੈਹਿੜੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕੋਲ ਆਪਣੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਢੁਕਵੇਂ ਵਿੱਤੀ ਸਰੋਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਸਰਕਾਰ ਦੇ ਇਰਾਦੇ ਸਪੱਸ਼ਟ ਅਤੇ ਇਮਾਨਦਾਰ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਵਿੱਤੀ ਪ੍ਰਬੰਧਨ ਵਿੱਚ ਸੁਧਾਰ ਕਰਦਿਆਂ ਇਹ ਯਕੀਨੀ ਬਣਾਇਆ ਹੈ ਕਿ ਜਨਤਕ ਫੰਡਾਂ ਦੀ ਵਰਤੋਂ ਲੋਕ ਭਲਾਈ ਅਤੇ ਵਿਕਾਸ ਲਈ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਜਿਸ ਸਦਕਾ ਸਿੱਖਿਆ, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਵਿੱਚ ਵੱਡੇ ਸੁਧਾਰ ਦੇਖਣ ਨੂੰ ਮਿਲ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਜਿਸ ਦੇ ਚਲਦਿਆਂ ਸੂਬੇ ਭਰ ਵਿੱਚ ਸਕੂਲ, ਹਸਪਤਾਲ, ਸੜਕਾਂ ਅਤੇ ਆਮ ਆਦਮੀ ਕਲੀਨਿਕ ਬਣਾਏ ਗਏ ਹਨ ਅਤੇ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਸਪਲਾਈ ਵਿੱਚ ਸੁਧਾਰ, ਸਿੰਚਾਈ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਨਿਰਵਿਘਨ ਅਤੇ ਲੋੜੀਂਦੀ ਬਿਜਲੀ ਦੇਣ ਲਈ ਮਹੱਤਵਪੂਰਨ ਕਦਮ ਚੁੱਕੇ ਹਨ। ਇਨ੍ਹਾਂ ਉਦੇਸ਼ਾਂ ਲਈ ਥਰਮਲ ਪਾਵਰ ਪਲਾਂਟ ਖ਼ਰੀਦ ਕੀਤੇ ਹਨ ਅਤੇ ਖਰੀਦੇ ਜਾ ਰਹੇ ਹਨ, ਨਹਿਰੀ ਪਾਣੀ ਟੇਲਾਂ ‘ਤੇ ਵਸਦੇ ਕਿਸਾਨਾਂ ਤੱਕ ਪਹੁੰਚ ਰਿਹਾ ਹੈ ਅਤੇ ਖਪਤਕਾਰਾਂ ਨੂੰ ਲਾਭ ਪਹੁੰਚਾਉਣ ਲਈ ਬਿਜਲੀ ਦਰਾਂ ਨੂੰ ਤਰਕਸੰਗਤ ਬਣਾਇਆ ਗਿਆ ਹੈ। ਪਿਛਲੇ ਚਾਰ ਸਾਲਾਂ ਵਿੱਚ ਸੂਬਾ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਦੇ ਨਾਲ-ਨਾਲ ਇਸ ਤੋਂ ਵਧ ਕੇ ਹੋਰ ਵੀ ਕਈ ਕੰਮ ਕੀਤੇ ਹਨ ਜਿਨ੍ਹਾਂ ਵਿੱਚ ਆਮ ਲੋਕਾਂ ‘ਤੇ ਬੋਝ ਪਾ ਰਹੇ ਟੋਲ ਪਲਾਜ਼ਿਆਂ ਨੂੰ ਬੰਦ ਕਰਨਾ ਆਦਿ ਸ਼ਾਮਲ ਹੈ। ਇਹ ਕਦਮ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਇਹ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਲੋਕਾਂ ਨੂੰ ਸੁਚੱਜੇ ਸ਼ਾਸਨ ਜ਼ਰੀਏ ਹਰ ਸੰਭਵ ਲਾਭ ਮਿਲੇ।


