ਚੰਡੀਗੜ੍ਹ, 7 ਦਸੰਬਰ 2025- 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਹੈ। ਭਾਈ ਬਲਦੇਵ ਸਿੰਘ ਵਡਾਲਾ ਨੇ ਸਟੇਟਮੈਂਟ ਦਿੱਤੀ ਹੈ ਕਿ ਪਾਵਨ ਸਰੂਪਾਂ ਦੇ ਕਥਿਤ ਤੌਰ ‘ਤੇ ਗਾਇਬ ਹੋਣ ਦੇ ਮਾਮਲੇ ‘ਚ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਵਡਾਲਾ ਨੇ ਖੁਦ ਇਹ ਵੀ ਕਿਹਾ ਕਿ ਐਫਆਈਆਰ ਦੀ ਕਾਪੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਲੈ ਕੇ ਪਹੁੰਚੇ ਸਨ।
ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਲੰਬੇ ਸਮੇਂ ਤੋਂ ਇਸ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦਲ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇਕੱਤਰਤਾ ਸੱਦੀ ਗਈ। ਇਸ ਇਕੱਤਰਤਾ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਐਫਆਈਆਰ ਦੀ ਕਾਪੀ ਹੀ ਲੈ ਕੇ ਪਹੁੰਚੇ ਸਨ।ਸਦਭਾਵਨਾ ਦਲ ਦੇ ਵੱਲੋਂ ਹੀ ਅੰਮ੍ਰਿਤਸਰ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ। ਹਾਲਾਂਕਿ ਐਸਜੀਪੀਸੀ ਦਾ 328 ਕਥਿਤ ਤੌਰ ‘ਤੇ ਗਾਇਬ ਹੋਏ ਸਰੂਪਾਂ ਉੱਤੇ ਤਰਕ ਹੈ ਕਿ ਕੋਈ ਬੇਅਦਬੀ ਨਹੀਂ ਹੋਈ। ਇਸ ਪੂਰੇ ਮਾਮਲੇ ਦੇ ਵਿੱਚ ਕਰੱਪਸ਼ਨ ਦੀ ਧਾਰਾ ਵੀ ਜੋੜੀ ਗਈ ਹੈ। ਕਾਬਲੇ ਗੌਰ ਇਹ ਵੀ ਹੈ ਕਿ 2015 ਤੋਂ 2018 ਦਰਮਿਆਨ ਦਾ ਇਹ ਪੂਰਾ ਮਾਮਲਾ ਹੈ। ਮਾਮਲੇ ਦੀ ਜਾਂਚ ਦੇ ਲਈ ਅਕਾਲ ਤਖਤ ਸਾਹਿਬ ਦੇ ਸਕੱਤਰ ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਨੇ ਆਪਣੀ ਜਾਂਚ ਤੋਂ ਬਾਅਦ 23 ਅਗਸਤ 2020 ਨੂੰ ਐਸਜੀਪੀਸੀ ਨੂੰ ਇੱਕ ਵਿਸਥਾਰ ਤੇ ਰਿਪੋਰਟ ਵੀ ਸੌਂਪੀ ਸੀ। ਇਸ ਸਭ ਦੇ ਵਿਚਾਲੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਉੱਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਸਿੱਖ ਸੰਸਥਾਵਾਂ ਦੇ ਵਿੱਚ ਪੰਜਾਬ ਸਰਕਾਰ ਦਾ ਜੋ ਦਖ਼ਲ ਹੈ, ਉਹ ਬਰਦਾਸ਼ਤ ਨਹੀਂ ਹੈ। ਧਰਨੇ ਦੇ ਵਿੱਚ ਸਰਕਾਰ ਦੇ ਨੁਮਾਇੰਦਿਆਂ ਦਾ ਸ਼ਾਮਿਲ ਹੋਣਾ ਇਹ ਸਿਆਸਤ ਹੈ।328 ਪਾਵਨ ਸਰੂਪਾਂ ਦੇ ਮਾਮਲੇ ‘ਚ ਤਤਕਾਲੀ ਐਸਜੀਪੀਸੀ ਦੇ ਅਹੁਦੇਦਾਰਾਂ ਦੇ ਨਾਮ ਵੀ ਸ਼ਾਮਲ ਹਨ। ਐਸਜੀਪੀਸੀ ਦੇ ਸਾਬਕਾ ਸਕੱਤਰ ਡਾ. ਰੂਪ ਸਿੰਘ ਸਮੇਤ 16 ਅਹੁਦੇਦਾਰਾਂ ਦੇ ਵਿਰੁੱਧ ਪੁਲਿਸ ਨੇ ਇਹ ਕੇਸ ਦਰਜ ਕੀਤਾ ਹੈ।


