ਦਿੱਲੀ ਕਾਰ ਬਲਾਸਟ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਅੱਜ ਸੋਮਵਾਰ ਨੂੰ ਵੱਡੀ ਸਫ਼ਲਤਾ ਮਿਲੀ ਹੈ। ਸਪੈਸ਼ਲ NIA ਕੋਰਟ ਨੇ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਕਸ਼ਮੀਰੀ ਵਾਸੀ ਆਮਿਰ ਰਾਸ਼ਿਦ ਅਲੀ ਨੂੰ 10 ਦਿਨ ਦੀ NIA ਹਿਰਾਸਤ ‘ਚ ਭੇਜ ਦਿੱਤਾ ਹੈ। NIA ਦਾ ਦੋਸ਼ ਹੈ ਕਿ ਆਮਿਰ ਨੇ ਹੀ ਫਿਦਾਈਨ ਹਮਲਾਵਰ ਨਾਲ ਮਿਲ ਕੇ ਇਸ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਸੀ।
ਬੰਦ ਕਮਰੇ ‘ਚ ਹੋਈ ਸੁਣਵਾਈ
ਦੋਸ਼ੀ ਆਮਿਰ ਦੀ ਐਤਵਾਰ ਨੂੰ ਹੋਈ ਗ੍ਰਿਫ਼ਤਾਰੀ ਤੋਂ ਬਾਅਦ, ਅੱਜ ਸੋਮਵਾਰ ਸਖ਼ਤ ਸੁਰੱਖਿਆ ‘ਚ NIA ਕੋਰਟ ‘ਚ ਪੇਸ਼ ਕੀਤਾ ਗਿਆ। NIA ਦੇ ਵਿਸ਼ੇਸ਼ ਜੱਜ ਨੇ ਬੰਦ ਕਮਰੇ ‘ਚ ਏਜੰਸੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਆਮਿਰ ਰਾਸ਼ਿਦ ਅਲੀ ਨੂੰ 10 ਦਿਨਾਂ ਦੀ ਹਿਰਾਸਤ ‘ਚ ਸੌਂਪ ਦਿੱਤਾ, ਤਾਂ ਜੋ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ।
ਆਮਿਰ ਦੇ ਨਾਂ ‘ਤੇ ਸੀ ‘ਬਲਾਸਟ’ ਵਾਲੀ ਕਾਰ
NIA ਨੇ ਐਤਵਾਰ ਨੂੰ ਇੱਕ ਬਿਆਨ ‘ਚ ਕਿਹਾ ਸੀ ਕਿ ਆਮਿਰ ਜੰਮੂ-ਕਸ਼ਮੀਰ ਦੇ ਪੰਪੋਰ ਦਾ ਰਹਿਣ ਵਾਲਾ ਹੈ। ਜਾਂਚ ‘ਚ ਪਤਾ ਲੱਗਾ ਹੈ ਕਿ ਉਸਨੇ ਫਿਦਾਈਨ ਹਮਲਾਵਰ ਉਮਰ ਉਨ ਨਬੀ ਨਾਲ ਮਿਲ ਕੇ ਇਸ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਸੀ।
ਦੋਸ਼ ਹੈ ਕਿ ਹਮਲੇ ‘ਚ ਵਰਤੋਂ ਕੀਤੀ ਗਈ ਕਾਰ ਆਮਿਰ ਦੇ ਨਾਂ ‘ਤੇ ਹੀ ਰਜਿਸਟਰਡ ਸੀ ਅਤੇ ਉਹ ਇਸ ਕਾਰ ਨੂੰ ਖਰੀਦਣ ‘ਚ ਮਦਦ ਕਰਨ ਲਈ ਹੀ ਦਿੱਲੀ ਆਇਆ ਸੀ।
ਡਾ. ਉਮਰ ਹੀ ਸੀ ‘ਫਿਦਾਈਨ’ ਹਮਲਾਵਰ
NIA ਨੇ ਇਹ ਵੀ ਫੋਰੈਂਸਿਕ ਤੌਰ ‘ਤੇ ਸਥਾਪਿਤ ਕਰ ਲਿਆ ਹੈ ਕਿ ਕਾਰ ਚਲਾਉਣ ਵਾਲਾ ਅਤੇ ਧਮਾਕੇ ‘ਚ ਮਾਰਿਆ ਗਿਆ ਸ਼ਖ਼ਸ, ਪੁਲਵਾਮਾ ਦਾ ਰਹਿਣ ਵਾਲਾ ਡਾ. ਉਮਰ ਉਨ ਨਬੀ ਹੀ ਸੀ, ਜੋ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ‘ਚ ਅਸਿਸਟੈਂਟ ਪ੍ਰੋਫੈਸਰ ਸੀ।
ਏਜੰਸੀ ਨੇ ਉਮਰ ਦੀ ਇੱਕ ਹੋਰ ਗੱਡੀ ਵੀ ਜ਼ਬਤ ਕੀਤੀ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।
73 ਗਵਾਹਾਂ ਤੋਂ ਹੋ ਚੁੱਕੀ ਹੈ ਪੁੱਛਗਿੱਛ
ਇਸ ਮਾਮਲੇ ‘ਚ, ਜਿਸ ‘ਚ 10 ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਅਤੇ 32 ਹੋਰ ਜ਼ਖਮੀ ਹੋ ਗਏ, NIA ਹੁਣ ਤੱਕ 73 ਗਵਾਹਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। NIA ਦਿੱਲੀ ਪੁਲਿਸ, ਜੰਮੂ-ਕਸ਼ਮੀਰ ਪੁਲਿਸ, ਹਰਿਆਣਾ ਪੁਲਿਸ ਅਤੇ ਯੂਪੀ ਪੁਲਿਸ ਨਾਲ ਮਿਲ ਕੇ ਇਸ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ‘ਚ ਜੁਟੀ ਹੈ।
ਦੱਸ ਦੇਈਏ ਕਿ ਅੱਜ ਫਰੀਦਾਬਾਦ ‘ਚ 32ਵੀਂ ਉੱਤਰੀ ਖੇਤਰੀ ਪ੍ਰੀਸ਼ਦ ਦੀ ਬੈਠਕ ਦੀ ਸ਼ੁਰੂਆਤ, 10 ਨਵੰਬਰ ਦੇ ਦਿੱਲੀ ਬਲਾਸਟ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਰੱਖੇ ਗਏ ਦੋ ਮਿੰਟ ਦੇ ਮੌਨ ਨਾਲ ਹੋਈ। ਇਸ ਬੈਠਕ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ।


