ਕ੍ਰਿਸ਼ੀ ਉੱਨਤੀ ਯੋਜਨਾ ਤਹਿਤ ਕੇਂਦਰੀ ਪ੍ਰਯੋਜਿਤ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ ਤਹਿਤ ਪੰਜਾਬ ਸਰਕਾਰ ਵਲੋਂ ਗੰਨੇ ਦੀ ਪ੍ਰਤੀ ਹੈਕਟੇਅਰ ਆਮਦਨ ਵਧਾਉਣ ਦੇ ਮਕਸਦ ਲਈ ਗੰਨੇ ਦੀ ਫ਼ਸਲ ਵਿਚ ਅੰਤਰ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਰਸ਼ਨੀ ਪਲਾਟ ਲਗਾਏ ਗਏ ਹਨ ਤਾਂ ਜੋ ਗੰਨਾ ਕਾਸ਼ਤਕਾਰਾਂ ਦੀ ਆਰਥਿਕਤਾ ਮਜ਼ਬੂਤ ਕੀਤੀ ਜਾ ਸਕੇ। ਇਸ ਸਕੀਮ ਤਹਿਤ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਗੰਨਾ ਸ਼ਾਖਾ ਵਲੋਂ ਦੀ ਬਟਾਲਾ ਸਹਿਕਾਰੀ ਖੰਡ ਮਿੱਲ ਜ਼ਿਲਾ ਗੁਰਦਾਸਪੁਰ ਦੇ ਅਧਿਕਾਰਤ ਖੇਤਰ ਵਿਚ ਲਗਾਏ ਪ੍ਰਦਰਸ਼ਨੀ ਪਲਾਟਾਂ ਦਾ ਜਾਇਜ਼ਾ ਲੈਣ ਲਈ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ।
ਇਸ ਤੋਂ ਪਹਿਲਾਂ ਕੇਨ ਕਮਿਸ਼ਨਰ ਵੱਲੋਂ ਜਨਰਲ ਮੈਨੇਜਰ ਸ੍ਰੀ ਮਤੀ ਕਿਰਨਦੀਪ ਕੌਰ ਨਾਲ ਵੀ ਮੀਟਿੰਗ ਕੀਤੀ। ਇਸ ਮੌਕੇ ਬਟਾਲਾ ਖੰਡ ਮਿੱਲ ਦੇ ਮੁੱਖ ਗੰਨਾ ਵਿਕਾਸ ਅਫ਼ਸਰ ਪਵਿੱਤਰ ਸਿੰਘ , ਖ਼ੇਤੀਬਾੜੀ ਵਿਕਾਸ ਅਫ਼ਸਰ (ਗੰਨਾ ) ਗਗਨਦੀਪ ਕੌਰ ਅਤੇ ਹੋਰ ਗੰਨਾ ਮਿਲ ਦਾ ਸਟਾਫ ਹਾਜ਼ਰ ਸੀ।
ਪਿੰਡ ਸੁਚਾਣੀਆਂ ਦੇ ਅਗਾਂਹਵਧੂ ਗੰਨਾ ਕਾਸ਼ਤਕਾਰ ਸੁਖਦੇਵ ਸਿੰਘ ਨੰਬਰਦਾਰ ਦੇ ਖੇਤਾਂ ਵਿਚ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦਸਿਆ ਕਿ ਗੰਨਾ ,ਪੰਜਾਬ ਦੀ , ਕਣਕ , ਝੋਨਾ ਅਤੇ ਕਪਾਹ ਤੋਂ ਬਾਅਦ ਚੌਥੀ ਅਜਿਹੀ ਨਕਦੀ ਫ਼ਸਲ ਹੈ ਜੋ ਮੌਸਮ ਦੇ ਬੁਰੇ ਪ੍ਰਭਾਵਾਂ ਨੂੰ ਸਹਿ ਕੇ ਵੀ ਗੰਨਾ ਕਾਸ਼ਤਕਾਰਾਂ ਨੂੰ ਆਮਦਨ ਦੇ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਲਈ ਬਿਜਾਈ ਦੀ ਚੌੜੀ ਵਿੱਥ ਵਿਧੀ,ਅੰਤਰ ਫ਼ਸਲਾਂ ਅਤੇ ਮਲਚਿੰਗ ਤਕਨੀਕ ਵਰਤ ਕੇ ਪ੍ਰਦਰਸ਼ਨੀ ਪਲਾਟ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ,ਜਿਸ ਤਹਿਤ ਪੰਜਾਬ ਦੀਆਂ ਵੱਖੋ ਵੱਖ ਖੰਡ ਮਿੱਲਾਂ ਦੇ ਅਧਿਕਾਰਤ ਖੇਤਰਾਂ ਵਿਚ 24 ਜਾਗਰੂਕਤਾ ਕੈਂਪ ਅਤੇ ਪ੍ਰਦਰਸ਼ਨੀ ਪਲਾਟ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਗੰਨੇ ਦੀ ਅੱਸੂ ਦੀ ਬਿਜਾਈ ਵੇਲੇ ਖੇਤਾਂ ਵਿਚ ਝੋਨੇ ਦੀ ਪਰਾਲੀ ਖਿਲਾਰ ਕੇ ਪਾਣੀ ਅਤੇ ਖਾਦਾਂ ਦੀ ਬੱਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਤਝੜ ਰੁੱਤ ਦੀ ਗੰਨੇ ਦੀ ਫ਼ਸਲ ਤੋਂ ਵਧੇਰੇ ਆਮਦਨ ਲੈਣ ਲਈ ਅੰਤਰ ਫ਼ਸਲਾਂ ਲੈਣੀਆਂ ਬਹੁਤ ਜ਼ਰੂਰੀ ਹਨ।
ਮੁੱਖ ਗੰਨਾ ਅਫ਼ਸਰ ਪਵਿੱਤਰ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਬਟਾਲਾ ਖੰਡ ਮਿੱਲ ਵਿਚ ਨਵੀਨਤਮ ਮਸੀਨਰੀ ਲਗਾ ਕੇ ਖੰਡ ਮਿਲ ਦੀ ਰੋਜ਼ਾਨਾਂ ਗੰਨਾ ਪੀੜ੍ਹਨ ਦੀ ਸਮਰਥਾ ਵਧਾ ਕੇ 5 ਹਜ਼ਾਰ ਟਨ ਕੀਤੀ ਗਈ ਹੈ ਇਸ ਲਈ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਉਣ ਚਾਹੀਦਾ।
ਗੰਨਾ ਕਾਸ਼ਤਕਾਰ ਸੁਖਦੇਵ ਸਿੰਘ ਨੇ ਦਸਿਆ ਕਿ ਗੰਨੇ ਦੀ ਬਿਜਾਈ ਤੋਂ ਲੈ ਕੇ ਗੰਨਾ ਮਿਲ ਤੱਕ ਢੋਆ ਢੁਆਈ ਤੱਕ ਮਜ਼ਦੂਰਾਂ ਦੀ ਘਾਟ ਹੋਣ ਕਾਰਣ ਗੰਨਾ ਕਾਸ਼ਤਕਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਪੈਂਦਾ ਹੈ ਜਿਸ ਨਾਲ ਲਾਗਤ ਖਰਚੇ ਵਧ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਗੰਨੇ ਦੀ ਅਦਾਇਗੀ ਗੰਨਾਂ ਕੰਟਰੋਲ ਐਕਟ ਅਨੁਸਾਰ ਮਿੱਲ ਵਿਚ ਗੰਨੇ ਦੀ ਤੁਲਾਈ ਤੋਂ 14 ਦਿਨ ਦੇ ਅੰਦਰ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋਂ ਕਿਸਾਨ ਗੰਨੇ ਹੇਠ ਰਕਬਾ ਵਧਾਉਣ ਲਈ ਉਤਸ਼ਾਹਿਤ ਹੋ ਸਕਣ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗੰਨੇ ਦੀ ਕਾਸ਼ਤ ਨੂੰ ਸੌਖਿਆਂ ਕਰਨ ਲਈ ਖੇਤੀ ਮਸ਼ੀਨਰੀ ਜਿਵੇਂ ਛੋਟਾ ਟਰੈਕਟਰ, ਟ੍ਰੇਂਚਰ,ਗੰਨਾ ਬੀਜਣ ਵਾਲੀ ਮਸ਼ੀਨ ਸਬਸਿਡੀ ਤੇ ਮੁਹਈਆ ਕਰਵਾਈ ਜਾਵੇ।


