PU News- ਮਿੱਠੀ ਧੁਨ ਰਬਾਬ ਦੀ- ਪੰਜਾਬ ਯੂਨੀਵਰਸਿਟੀ ਪੰਜਾਬ ਦੀ! ਇਹ ਕਹਿਣਾ ਉਨ੍ਹਾਂ ਵਿਦਿਆਰਥੀਆਂ ਦਾ ਸੀ, ਜਿਹੜੇ ਪੀਯੂ ਨੂੰ ਬਚਾਉਣ ਲਈ ਮੋਰਚਾ ਲਾਈ ਬੈਠੇ ਹਨ। ਸੱਦੇ ਮੁਤਾਬਿਕ ਅੱਜ ਵਿਦਿਆਰਥੀਆਂ ਨੇ ਪੀਯੂ ਵਿੱਚ ਬਹੁਤ ਵੱਡਾ ਇਕੱਠ ਰੱਖਿਆ ਸੀ ਅਤੇ ਜਿਵੇਂ ਹੀ ਵਿਦਿਆਰਥੀ ਅਤੇ ਹੋਰ ਆਗੂ ਲੰਘੀ ਰਾਤ ਤੋਂ ਹੀ ਯੁਨੀਵਰਸਿਟੀ ਵਿੱਚ ਦਾਖ਼ਲ ਹੋ ਰਹੇ ਸਨ ਤਾਂ, ਚੰਡੀਗੜ੍ਹ ਪੁਲਿਸ ਨੇ ਸਾਰੇ ਗੇਟ ਬੰਦ ਕਰ ਦਿੱਤੇ ਅਤੇ ਪੀਯੂ ਪ੍ਰਸਾਸ਼ਨ ਨੇ 10 ਅਤੇ 11 ਨਵੰਬਰ ਨੂੰ ਯੂਨੀਵਰਸਿਟੀ ਵਿੱਚ ਛੁੱਟੀ ਐਲਾਨ ਦਿੱਤੀ ਗਈ।
ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ (PU) ਵਿੱਚ ਚੱਲ ਰਹੀਆਂ ਸੈਨੇਟ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਨੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹਫੜਾ-ਦਫੜੀ ਮਚਾ ਦਿੱਤੀ। ਚੰਡੀਗੜ੍ਹ ਪੁਲਿਸ ਨੇ ਵਿਦਿਆਰਥੀ ਸੰਗਠਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਹੋਰ ਸਮੂਹਾਂ ਨੂੰ ਰੋਕਣ ਲਈ ਸਰਹੱਦਾਂ ਸੀਲ ਕਰ ਦਿੱਤੀਆਂ, ਜਿਸ ਕਾਰਨ ਮੋਹਾਲੀ, ਜ਼ੀਰਕਪੁਰ ਅਤੇ ਨਿਊ ਚੰਡੀਗੜ੍ਹ ਤੋਂ ਆਉਣ ਵਾਲੇ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਚੰਡੀਗੜ੍ਹ ਦੇ ਸੈਕਟਰ 15 ਮਾਰਕੀਟ ਵਿੱਚ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਲਈ ਆਏ ਵੱਖ-ਵੱਖ ਸਮੂਹਾਂ ਦੇ ਮੈਂਬਰ ਯੂਨੀਵਰਸਿਟੀ ਦੇ ਗੇਟ ਨੰਬਰ 1 ਵੱਲ ਵਧੇ। ਐਸਐਸਪੀ ਵੀ ਉੱਥੇ ਮੌਜੂਦ ਸਨ। ਉਨ੍ਹਾਂ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ। ਫਿਰ ਭੀੜ ਬੇਕਾਬੂ ਹੋ ਗਈ ਅਤੇ ਗੇਟ ਤੋੜ ਕੇ ਅੰਦਰ ਦਾਖਲ ਹੋ ਗਈ। ਕਈ ਨਿਹੰਗ ਸਮੂਹ ਵੀ ਮੌਜੂਦ ਸਨ।ਜਾਣਕਾਰੀ ਅਨੁਸਾਰ, ਪੀਯੂ ਵਿੱਚ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪਾਂ ਜਾਰੀ ਹਨ। ਅੱਜ ਸਵੇਰ ਤੋਂ ਹੀ ਚੰਡੀਗੜ੍ਹ ਪੁਲਿਸ ਨੇ ਫੇਜ਼ 6, ਫੇਜ਼ 2, ਜ਼ੀਰਕਪੁਰ ਅਤੇ ਨਿਊ ਚੰਡੀਗੜ੍ਹ ਸਮੇਤ ਸਾਰੇ ਐਂਟਰੀ ਪੁਆਇੰਟਾਂ ਨੂੰ ਬੰਦ ਕਰ ਦਿੱਤਾ ਸੀ। ਪੁਲਿਸ ਨੇ ਕਈ ਥਾਵਾਂ ‘ਤੇ ਬੈਰੀਕੇਡ ਲਗਾਏ, ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ। ਫੇਜ਼ 6 ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਗਰਮਾ-ਗਰਮ ਝੜਪ ਵੀ ਹੋਈ। ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ, ਜਿਸ ਕਾਰਨ ਉਨ੍ਹਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।


