ਲੁਧਿਆਣਾ, 6 ਨਵੰਬਰ:
ਸ਼ਹੀਦ ਪਰਮਜੀਤ ਸਿੰਘ ਸਰਕਾਰੀ ਸਕੂਲ ਆਫ਼ ਐਮੀਨੈਂਸ (ਲੜਕੇ), ਪਿੰਡ ਗਿੱਲ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਸਿੰਗਲਾ ਦੀ ਯੋਗ ਅਗਵਾਈ ਹੇਠ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਦੀ ਇੱਕ ਵਿਸ਼ੇਸ਼ ਵਿਦਿਅਕ ਅਤੇ ਸੱਭਿਆਚਾਰਕ ਐਕਸਪੋਜ਼ਰ ਵਿਜ਼ਿਟ ਕੀਤੀ। ਇਸ ਦੌਰੇ ਵਿੱਚ ਗਿਆਰਵੀਂ ਕਲਾਸ ਦੇ ਵਿਦਿਆਰਥੀ ਸ਼ਾਮਿਲ ਸਨ ਅਤੇ ਉਨ੍ਹਾਂ ਦੇ ਨਾਲ ਸਕੂਲ ਦੇ ਕੈਮਿਸਟਰੀ ਲੈਕਚਰਾਰ ਸ੍ਰੀਮਤੀ ਅਮਨਪ੍ਰੀਤ ਕੌਰ ਘੇਈ ਵੀ ਮੌਜੂਦ ਸਨ।
ਪ੍ਰਿੰਸੀਪਲ ਸ੍ਰੀਮਤੀ ਅਨੀਤਾ ਸਿੰਗਲਾ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਅਸਲ ਦੁਨੀਆਂ ਦੇ ਵੱਖ-ਵੱਖ ਖੇਤਰਾਂ ਨਾਲ ਜੋੜਨਾ ਹੈ ਜਿਵੇਂ ਕਿ ਵਿਗਿਆਨ, ਤਕਨੀਕ, ਕਲਾ, ਇਨੋਵੇਸ਼ਨ, ਉਦਯੋਗ ਅਤੇ ਸਰਕਾਰੀ ਸੰਗਠਨ ਆਦਿ। ਦੌਰੇ ਦੀ ਸ਼ੁਰੂਆਤ ਕਾਲਜ ਆਫ ਐਗਰੀਕਲਚਰਲ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਤੋਂ ਹੋਈ। ਇੱਥੇ ਵਿਦਿਆਰਥੀਆਂ ਨੂੰ ਖੇਤੀਬਾੜੀ ਦੇ ਆਧੁਨਿਕੀਕਰਨ ਵਿੱਚ ਇੰਜੀਨੀਅਰਿੰਗ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਵਿਦਿਆਰਥੀਆਂ ਨੇ ਨਵੀਆਂ ਸਮਾਰਟ ਫਾਰਮਿੰਗ ਤਕਨੀਕਾਂ ਵਿੱਚ ਖਾਸ ਤੌਰ ‘ਤੇ ਰੁਚੀ ਦਿਖਾਈ, ਜਿਨ੍ਹਾਂ ਵਿੱਚ ਡਰੋਨ ਤਕਨਾਲੋਜੀ ਦੀ ਵਰਤੋਂ ਕਰਕੇ ਫਸਲਾਂ ਦੀ ਨਿਗਰਾਨੀ ਕਰਨਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਪਾਣੀ ਅਤੇ ਖਾਦਾਂ ਦੀ ਸਹੀ ਮਾਤਰਾ ਨਿਰਧਾਰਤ ਕਰਨਾ ਸਿੱਖਿਆ ਗਿਆ। ਪੋਸਟ-ਹਾਰਵੈਸਟ ਮੈਨੇਜਮੈਂਟ ਤਕਨੀਕਾਂ ਅਧੀਨ ਉਨ੍ਹਾਂ ਨੇ ਦੇਖਿਆ ਕਿ ਫ਼ਸਲ ਦੀ ਕਟਾਈ ਤੋਂ ਬਾਅਦ ਅਨਾਜ ਨੂੰ ਸੁਰੱਖਿਅਤ ਰੱਖਣ ਲਈ ਕਿਵੇਂ ਆਧੁਨਿਕ ਸਟੋਰੇਜ ਸਹੂਲਤਾਂ ਅਤੇ ਫੂਡ ਪ੍ਰੋਸੈਸਿੰਗ ਯੂਨਿਟ ਕੰਮ ਕਰਦੇ ਹਨ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਵੱਧ ਮੁੱਲ ਮਿਲ ਸਕੇ। ਇਸ ਤੋਂ ਇਲਾਵਾ ਨਵਿਆਉਣਯੋਗ ਊਰਜਾ ਤਕਨੀਕਾਂ ਅਧੀਨ ਵਿਦਿਆਰਥੀਆਂ ਨੂੰ ਸੂਰਜੀ ਊਰਜਾ ਅਤੇ ਬਾਇਓ-ਗੈਸ ਦੇ ਉਪਯੋਗ ਬਾਰੇ ਦੱਸਿਆ ਗਿਆ, ਜੋ ਖੇਤੀਬਾੜੀ ਖੇਤਰ ਵਿੱਚ ਊਰਜਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਹਿਮ ਹਨ।
ਤਕਨੀਕੀ ਗਿਆਨ ਪ੍ਰਾਪਤ ਕਰਨ ਤੋਂ ਬਾਅਦ, ਵਿਦਿਆਰਥੀਆਂ ਨੇ ਪੀ.ਏ.ਯੂ. ਕੈਂਪਸ ਵਿੱਚ ਸਥਿਤ ਉੱਤਰੀ ਭਾਰਤ ਦੇ ਪਾਣੀ ਅਤੇ ਬਿਜਲੀ ਦੇ ਸਰੋਤਾਂ ਬਾਰੇ ਜਾਣਕਾਰੀ ਦੇਣ ਵਾਲਾ ਮਿਊਜ਼ੀਅਮ ਵੀ ਵੇਖਿਆ। ਇਸ ਉਪਰੰਤ ਉਨ੍ਹਾਂ ਨੂੰ ਯੂਨੀਵਰਸਿਟੀ ਦੀ ਲਾਇਬ੍ਰੇਰੀ ਵੀ ਵਿਖਾਈ ਗਈ।
ਲੈਕਚਰਾਰ ਸ੍ਰੀਮਤੀ ਅਮਨਪ੍ਰੀਤ ਕੌਰ ਘੇਈ ਨੇ ਦੱਸਿਆ ਕਿ ਇਹ ਤਕਨੀਕੀ ਦੌਰਾ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਪ੍ਰਦਾਨ ਕਰੇਗਾ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰੇਗਾ। ਵਿਦਿਆਰਥੀਆਂ ਨੇ ਕਿਹਾ ਕਿ ਇਸ ਸਫ਼ਲ ਅਤੇ ਜਾਣਕਾਰੀ ਭਰਪੂਰ ਦੌਰੇ ਨੇ ਉਨ੍ਹਾਂ ਦੇ ਗਿਆਨ ਵਿੱਚ ਬਹੁਤ ਵਾਧਾ ਕੀਤਾ ਹੈ ਅਤੇ ਉਨ੍ਹਾਂ ਨੂੰ ਉੱਚ ਸਿੱਖਿਆ ਅਤੇ ਕਰੀਅਰ ਦੇ ਫੈਸਲੇ ਲੈਣ ਲਈ ਨਵੀਂ ਪ੍ਰੇਰਣਾ ਦਿੱਤੀ। ਉਨ੍ਹਾਂ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਸਿੰਗਲਾ ਦਾ ਤਹਿ ਦਿਲੋਂ ਇਸ ਦੌਰੇ ਲਈ ਧੰਨਵਾਦ ਕੀਤਾ।


