ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ 25 ਪਿੰਡਾਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਸਟੀਲ ਦੀਆਂ ਪਾਣੀ ਵਾਲੀਆਂ ਟੈਂਕੀਆਂ ਸੌਂਪੀਆਂ। ਇਹ ਟੈਂਕੀਆਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੇ ਸੀਚੇਵਾਲ ਤੋਂ ਰਵਾਨਾ ਕੀਤੀਆਂ ਗਈਆਂ।
ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਕਾਲੀ ਵੇਈਂ ਦੀ ਸਫ਼ਾਈ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ‘ਤੇ ਸਾਲ ਭਰ ਸਮਾਗਮ ਚੱਲਣਗੇ। ਇਸੇ ਸਿਲਸਿਲੇ ਵਿੱਚ ਇਹ ਟੈਂਕੀਆਂ ਪਿੰਡਾਂ ਨੂੰ ਦਿੱਤੀਆਂ ਗਈਆਂ ਹਨ। ਉਹਨਾਂ ਹੁਣ ਤੱਕ ਆਪਣੇ ਅਖਤਿਆਰੀ ਫੰਡ ਵਿੱਚੋਂ ₹7.5 ਕਰੋੜ ਦੀ ਗ੍ਰਾਂਟ ਨਾਲ 215 ਪਾਣੀ ਵਾਲੀਆਂ ਟੈਂਕੀਆਂ ਪੰਜਾਬ ਭਰ ਦੇ ਪਿੰਡਾਂ ਵਿੱਚ ਵੰਡੀਆਂ ਹਨ।
ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਇਹ ਸਟੀਲ ਦੀਆਂ ਟੈਂਕੀਆਂ ਪਿੰਡਾਂ ਲਈ ਸਦੀਵੀ ਤੋਹਫ਼ਾ ਹਨ। ਇਹਨਾਂ ਨਾਲ ਪਾਣੀ ਦੀ ਕਮੀ ਦੂਰ ਹੋਵੇਗੀ, ਬੂਟਿਆਂ ਨੂੰ ਪਾਣੀ ਲਗਾਉਣ ਤੇ ਅੱਗ ਬੁਝਾਉਣ ਵਿੱਚ ਵੀ ਮਦਦ ਮਿਲੇਗੀ। ਧਾਰਮਿਕ ਸਮਾਗਮਾਂ ਦੌਰਾਨ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਸੀ ਜੋ ਹੁਣ ਹੱਲ ਹੋ ਗਈ ਹੈ।
ਸੰਤ ਸੀਚੇਵਾਲ ਨੇ ਪਿੰਡਾਂ ਦੇ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਜਲਦੀ ਹੀ ਹੋਰ 50 ਟੈਂਕੀਆਂ ਵੀ ਪਿੰਡਾਂ ਨੂੰ ਦਿੱਤੀਆਂ ਜਾਣਗੀਆਂ, ਜਿਸ ਵਿੱਚ ਦਲਿਤ ਭਾਈਚਾਰੇ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਆਹਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਕਿਹਾ ਕਿ ਹੜ੍ਹਾਂ ਦੌਰਾਨ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਆਉਂਦੀ ਸੀ, ਪਰ 5000 ਲੀਟਰ ਸਮਰੱਥਾ ਵਾਲੀਆਂ ਟੈਂਕੀਆਂ ਨਾਲ ਇਹ ਮੁੱਦਾ ਹੱਲ ਹੋ ਗਿਆ ਹੈ। ਸਿੱਧਵਾ ਦੋਨਾ, ਕੌਲ ਤਲਵੰਡੀ ਤੇ ਖੈੜਾ ਦੋਨਾ ਦੇ ਸਰਪੰਚਾਂ ਨੇ ਕਿਹਾ ਕਿ ਇਹ ਇਨਕਲਾਬੀ ਕਦਮ ਹੈ ਜੋ ਵਾਤਾਵਰਣ ਸੁਰੱਖਿਆ ਲਈ ਮੀਲ ਪੱਥਰ ਸਾਬਤ ਹੋਵੇਗਾ।
ਇਸ ਮੌਕੇ ਆਹਲੀ ਕਲਾਂ, ਬਹਿਬਲ ਬਹਾਦਰ, ਸਿੱਧਵਾ ਦੋਨਾ, ਸੁਖਾਣੀ, ਕੌਲ ਤਲਵੰਡੀ, ਖੈੜਾ ਦੋਨਾ, ਝੱਲ ਬੀਬੜੀ, ਮੁਸਤਫ਼ਾਬਾਦ, ਟਿੱਬਾ, ਈਸ਼ਰਵਾਲ, ਮੇਵਾ ਸਿੰਘ ਵਾਲਾ, ਮਹਬਲੀਪੁਰ, ਦਬੁਲੀਆਂ (ਕਪੂਰਥਲਾ) ਅਤੇ ਕਸੂਪੁਰ, ਉਮਰਵਾਲਾ ਬਿੱਲਾ, ਮਾਣਕਪੁਰ, ਬਾਜਵਾ ਖੁਰਦ, ਮੂਲੇਵਾਲ ਖਹਿਰਾ, ਮੂਲੇਵਾਲ ਅਰਾਈਆ, ਖਾਨਪੁਰ ਰਾਜਪੂਤਾਂ, ਤਲਵੰਡੀ ਸਲੇਮ ਸਮਾਇਲਪੁਰ, ਪੰਡੋਰੀ ਖ਼ਾਸ, ਬਾੜਾ ਜੋਧ ਸਿੰਘ, ਈਸੇਵਾਲ (ਜਲੰਧਰ) ਦੇ ਪਿੰਡਾਂ ਨੂੰ ਟੈਂਕੀਆਂ ਦਿੱਤੀਆਂ ਗਈਆਂ।
ਕੁਝ ਦਿਨ ਪਹਿਲਾਂ ਵੀ ਸੰਤ ਸੀਚੇਵਾਲ ਨੇ ਕਪੂਰਥਲਾ ਦੇ ਜੈਨਪੁਰ, ਹੈਬਤਪੁਰ, ਤਲਵੰਡੀ ਚੌਧਰੀਆਂ ਤੇ ਸ਼ਾਹਵਾਲਾ ਅੰਦਰੀਸਾ ਪਿੰਡਾਂ ਨੂੰ ਟੈਂਕੀਆਂ ਦਿੱਤੀਆਂ ਸਨ।
ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਵਾਈਸ ਚੇਅਰਮੈਨ ਹਰਜਿੰਦਰ ਸਿੰਘ, ਪੰਚਾਇਤ ਸੈਕਟਰੀ ਜਸਵਿੰਦਰ ਸਿੰਘ ਤੇ ਇਲਾਕੇ ਦੇ ਕਈ ਪੰਚ-ਸਰਪੰਚ ਅਤੇ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।