ਜਲੰਧਰ, 11 ਅਕਤੂਬਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿੱਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਉੱਤਮ ਇਨਸਾਨ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦੇ ਭਵਿੱਖ ਦੇ ਨਿਰਮਾਣ ਲਈ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਦਾ ਧਾਰਨੀ ਬਣਾਉਣ ’ਤੇ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਗਿਆਨ ਹਾਸਲ ਕਰਨਾ ਨਹੀਂ, ਸਗੋਂ ਸੰਸਕਾਰ, ਸੰਵੇਦਨਸ਼ੀਲਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਕਰਨਾ ਵੀ ਹੈ। ਸ਼੍ਰੀ ਕਟਾਰੀਆ ਅੱਜ ਇਥੇ ਗੁਰੂ ਗੋਬਿੰਦ ਸਿੰਘ ਐਵੇਨਿਊ ਸਥਿਤ ਵਿੱਦਿਆ ਧਾਮ ਵਿਖੇ ਮੋਬਾਇਲ ਸਾਇੰਸ ਵੈਨ, ਜਿਸ ਵਿੱਚ ਉਨ੍ਹਾਂ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ ਹੈ, ਅਤੇ ਨਵੀਂ ਬਣੀ ਸ਼ਿਸ਼ੂ ਵਾਟਿਕਾ ‘ਸਰਵਹਿੱਤਕਾਰੀ ਕੇਸ਼ਵ ਵਿਦਿਆ ਨਿਕੇਤਨ’ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਧਰਮ ਪਤਨੀ ਅਨੀਤਾ ਕਟਾਰੀਆ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਤੋਂ ਇਲਾਵਾ ਵਿੱਦਿਆ ਭਾਰਤੀ ਪੰਜਾਬ ਅਤੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਅਹੁਦੇਦਾਰ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।ਪੰਜਾਬ ਦੇ ਰਾਜਪਾਲ ਸ਼੍ਰੀ ਕਟਾਰੀਆ ਨੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਸੂਬੇ ਦੀ ਨਸ਼ਿਆਂ ਖਿਲਾਫ਼ ਲੜਾਈ ਵਿੱਚ ਮਹੱਤਵਪੂਰਣ ਰੋਲ ਅਦਾ ਕਰ ਸਕਦੀਆਂ ਹਨ। ਉਨ੍ਹਾਂ ਰਾਜ ਨੂੰ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਬਣਾਉਣ ਲਈ ਸਿੱਖਿਆ ਸੰਸਥਾਵਾਂ ਨੂੰ ਅੱਗੇ ਆਉਣ ਅਤੇ ਇਸ ਲੜਾਈ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਲਾਸਾਨੀ ਸ਼ਹਾਦਤਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਦੇਸ਼ ਦੇ ਭਵਿੱਖ ਨੂੰ ਸਹੀ ਆਕਾਰ ਦੇਣ ਲਈ ਨੌਜਵਾਨਾਂ ਨੂੰ ਦੇਸ਼ ਦੇ ਅਮੀਰ ਵਿਰਸੇ ਤੇ ਇਤਿਹਾਸ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਜਿਸ ਦੇ ਲਈ ਵਿਦਿਆਰਥੀਆਂ ਨੂੰ ਮਹਾਂਪੁਰਖਾਂ ਦੀਆਂ ਜੀਵਨੀਆਂ ਤੇ ਉਨ੍ਹਾਂ ਦੇ ਆਦਰਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਓਪਰੇਸ਼ਨ ‘ਸਿੰਧੂਰ’ ਅਤੇ ਹੜ੍ਹਾਂ ਦੌਰਾਨ ਪੰਜਾਬੀਆਂ ਦੇ ਹੌਸਲੇ, ਹਿੰਮਤ ਅਤੇ ਸੇਵਾ ਦੀ ਸ਼ਲਾਘਾ ਕਰਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਪੰਜਾਬੀਆਂ ਦੀ ਔਖੀ ਘੜੀ ਵਿੱਚ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਦ੍ਰਿੜ ਭਾਵਨਾ ਨੇ ਹਮੇਸ਼ਾ ਦੀ ਤਰ੍ਹਾਂ ਮਨੁੱਖਤਾ ਦੀ ਸੇਵਾ ਵਿੱਚ ਨਵੀਂ ਮਿਸਾਲ ਕਾਇਮ ਕੀਤੀ ਹੈ।ਸਮਾਗਮ ਦੌਰਾਨ ਰਾਜਪਾਲ ਪੰਜਾਬ ਵੱਲੋਂ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਨੇ ਇਸ ਮੌਕੇ ਵਿੱਦਿਆ ਭਾਰਤੀ ਪੰਜਾਬ ਅਤੇ ਸਰਵ ਹਿੱਤਕਾਰੀ ਸਿੱਖਿਆ ਸਮਿਤੀ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਮੋਬਾਇਲ ਸਾਇੰਸ ਵੈਨ ਦੀ ਪਹਿਲ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਨਾਲ ਜੋੜਨ ਅਤੇ ਉਨ੍ਹਾਂ ਅੰਦਰ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਨਵੀਨਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਸਾਬਤ ਹੋਵੇਗੀ।
Trending
- 5100 ਨਵਜੰਮੀਆਂ ਧੀਆਂ ਦੀ ਲੋਹੜੀ: ਬੇਟੀ ਬਚਾਓ–ਬੇਟੀ ਪੜ੍ਹਾਓ ਦਾ ਮਜ਼ਬੂਤ ਸੰਦੇਸ਼ – ਡਾ. ਬਲਜੀਤ ਕੌਰ
- ਪਾਬੰਦੀਸ਼ੁਦਾ ਪਲਾਸਟਿਕ ਚਾਈਨਾ ਡੋਰ ਸਮੇਤ ਲੁਧਿਆਣਾ ਪੁਲਿਸ ਵੱਲੋਂ ਮੁਲਜ਼ਮ ਗ੍ਰਿਫ਼ਤਾਰ
- ਪੰਜਾਬ ‘ਚ ਫਿਰਕੂ ਹਿੰਸਾ ਭੜਕਾਉਣ ਲਈ ਆਤਿਸ਼ੀ ਦੇ ਵੀਡੀਓ ਨਾਲ ਛੇੜਛਾੜ ਕਰਨਾ, ਭਾਜਪਾ ਦੀ ਮੰਦਭਾਗੀ ਸਾਜ਼ਿਸ਼: CM Maan
- ਕਬੱਡੀ ਮਹਾਕੁੰਭ ਸਿਹਾਲ ਨੂੰ ਲੈ ਕੇ ਤਿਆਰੀਆਂ ਮੁਕੰਮਲ – ਡਾ ਮੱਘਰ ਸਿਹਾਲ, ਚਮਕੌਰ ਘੁਮਾਣ ਯੂ ਕੇ
- ਭਗਵੰਤ ਮਾਨ ਸਰਕਾਰ ਨੇ ਨਵਾਂ ਮਾਪਦੰਡ ਕੀਤਾ ਸਥਾਪਤ, 16 ਮਾਰਚ, 2022 ਤੋਂ ਔਸਤਨ ਰੋਜ਼ਾਨਾ 45 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ
- ਪੁਲਿਸ ਕਮਿਸ਼ਨਰ ਵਲੋਂ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਹੁਕਮ ਜਾਰੀ
- ਲੁਧਿਆਣਾ: ਡੀ.ਸੀ ਹਿਮਾਂਸ਼ੂ ਜੈਨ ਵੱਲੋਂ ਪ੍ਰਾਈਵੇਟ ਸਕੂਲਾਂ ਵਿੱਚ ਆਰ.ਟੀ.ਈ ਤਹਿਤ 25 ਪ੍ਰਤੀਸ਼ਤ ਸੀਟਾਂ ‘ਤੇ ਰਾਖਵਾਂਕਰਨ ਲਾਜ਼ਮੀ ਕਰਨ ਦੇ ਹੁਕਮ
- ਯੁੱਧ ਨਸ਼ਿਆਂ ਵਿਰੁੱਧ : ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮਾਡਲ ਹਾਊਸ ‘ਚ ਨਸ਼ਾ ਵਿਰੋਧੀ ਪੈਦਲ ਯਾਤਰਾ ਦੀ ਕੀਤੀ ਅਗਵਾਈ


