ਜਲੰਧਰ, 4 ਅਕਤੂਬਰ : ਹਵਾ ਪ੍ਰਦੂਸ਼ਣ ਕਾਰਨ ਸਿਹਤ ਅਤੇ ਵਾਤਾਵਰਣ ਸਬੰਧੀ ਸਮੱਸਿਆਵਾਂ ਨਾਲ ਨਜਿੱਠਣ ਲਈ ਅਹਿਮ ਕਦਮ ਚੁੱਕਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੰਗ ਕੇਅਰ ਫਾਊਂਡੇਸ਼ਨ, ਡੀ.ਏ.ਵੀ. ਯੂਨੀਵਰਸਿਟੀ, ਜਲੰਧਰ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂ.ਐਨ.ਈ.ਪੀ.) ਦੇ ਸਹਿਯੋਗ ਨਾਲ ‘ਸਾਂਝੀ ਹਵਾ ਤੇ ਸਿਹਤ’- ਹਵਾ, ਸਿਹਤ ਅਤੇ ਟਿਕਾਊ ਭਵਿੱਖ ’ਤੇ ਸਮੂਹਿਕ ਸੰਵਾਦ’ ਸਿਰਲੇਖ ਹੇਠ ਉੱਚ-ਪੱਧਰੀ ਕਾਨਫਰੰਸ ਕਰਵਾਈ ਗਈ।
ਇਸ ਕਾਨਫਰੰਸ ਰਾਹੀਂ ਹਵਾ ਦੀ ਖ਼ਰਾਬ ਹੋ ਰਹੀ ਗੁਣਵੱਤਾ ਅਤੇ ਇਸਦੇ ਗੰਭੀਰ ਸਿਹਤ ਨਤੀਜਿਆਂ ਦੇ ਹੱਲ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਕਿਸਾਨਾਂ, ਨੌਜਵਾਨ ਆਗੂਆਂ, ਸਿੱਖਿਆ ਸ਼ਾਸਤਰੀਆਂ, ਜ਼ਿਲ੍ਹਾ ਅਧਿਕਾਰੀਆਂ, ਨੀਤੀ ਨਿਰਮਾਤਾਵਾਂ, ਡਾਕਟਰੀ ਮਾਹਰਾਂ, ਪ੍ਰਾਈਵੇਟ ਖੇਤਰ ਦੇ ਪ੍ਰਤੀਨਿਧੀਆਂ, ਮੀਡੀਆ ਸਮੇਤ ਵੱਖ-ਵੱਖ ਭਾਗੀਦਾਰਾਂ ਦੇ ਸਮੂਹ ਨੂੰ ਇਕ ਮੰਚ ’ਤੇ ਇਕੱਤਰ ਕੀਤਾ ਗਿਆ।
ਉਦਘਾਟਨੀ ਸੈਸ਼ਨ ਵਿੱਚ ਉੱਘੇ ਬੁਲਾਰਿਆਂ ਨੇ ਸ਼ਿਰਕਤ ਕੀਤੀ ਅਤੇ ਪ੍ਰਸ਼ਾਸਨ, ਅਕਾਦਮਿਕ ਖੇਤਰ, ਖੋਜ ਅਤੇ ਜਨਤਕ ਸਿਹਤ ਦੇ ਵੱਖ-ਵੱਖ ਨਜ਼ਰੀਏ ਪੇਸ਼ ਕੀਤੇ।
ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਬਰਾੜ ਨੇ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਵਾ ਦੀ ਗੁਣਵੱਤਾ ਇੱਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਦੇ ਹੱਲ ਲਈ ਕਿਸਾਨਾਂ, ਨਾਗਰਿਕਾਂ, ਮਾਹਰਾਂ ਅਤੇ ਸਰਕਾਰੀ ਸੰਸਥਾਵਾਂ ਦੇ ਸਮੂਹਿਕ ਯਤਨਾਂ ਦੀ ਲੋੜ ਹੈ।
ਡੀ.ਏ.ਵੀ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨੋਜ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਜਾਗਰੂਕਤਾ ਅਤੇ ਕਾਰਵਾਈ ਨੂੰ ਅੱਗੇ ਵਧਾਉਣ ਵਿੱਚ ਵਿੱਦਿਅਕ ਸੰਸਥਾਵਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਪੰਜਾਬ ਡੀ.ਐਫ.ਸੀ.ਏ. ਦੇ ਆਨਰੇਰੀ ਪ੍ਰਧਾਨ ਡਾ. ਪੀ. ਐਸ. ਬਖਸ਼ੀ ਨੇ ਲੋਕਾਂ ਦੀ ਅਗਵਾਈ ਵਾਲੀਆਂ ਪਹਿਲਕਦਮੀਆਂ ਅਤੇ ਸਮੂਹਿਕ ਜ਼ਿੰਮੇਵਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਯੂ.ਐਨ.ਈ.ਪੀ. ਇੰਡੀਆ ਦਫ਼ਤਰ ਦੇ ਮੁਖੀ ਡਾ. ਸੁਮਿਤ ਸ਼ਰਮਾ ਨੇ ਸਥਾਨਕ ਹੱਲਾਂ ਨੂੰ ਅੰਤਰਰਾਸ਼ਟਰੀ ਢਾਂਚੇ ਨਾਲ ਜੋੜਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਲੰਗ ਕੇਅਰ ਫਾਊਂਡੇਸ਼ਨ ਦੀ ਡਿਪਟੀ ਮੈਨੇਜਰ ਅੰਸ਼ਿਕਾ ਕਾਂਸਲ ਨੇ ਜਲੰਧਰ ਦੇ 42 ਪਿੰਡਾਂ ਵਿੱਚ ਕੀਤੇ ਗਏ ਇੱਕ ਸਿਹਤ ਸਰਵੇਖਣ ਬਾਰੇ ਜਾਣਕਾਰੀ ਸਾਂਝੀ ਕੀਤੀ। ਲੰਗ ਕੇਅਰ ਫਾਊਂਡੇਸ਼ਨ ਦੇ ਡਾ. ਰਾਜੀਵ ਖੁਰਾਨਾ ਨੇ ਸਿਹਤਮੰਦ ਹਵਾ ਅਤੇ ਸਿਹਤਮੰਦ ਜੀਵਨ ਨੂੰ ਯਕੀਨੀ ਬਣਾਉਣ ਲਈ ਬਹੁ-ਭਾਗੀਦਾਰੀ ਵਾਲੀ ਭਾਈਵਾਲੀ ਦਾ ਸੱਦਾ ਦਿੱਤਾ।
ਇਸ ਦੌਰਾਨ ਦੋ ਸੈਸ਼ਨ ਕਰਵਾਏ ਗਏ, ਜਿਸ ਵਿੱਚ ‘ਸਾਂਝੀ ਹਵਾ ਤੇ ਸਿਹਤ: ਖੋਜ, ਹਕੀਕਤ ਅਤੇ ਭਵਿੱਖ’ ਵਿਸ਼ੇ ’ਤੇ ਪੈਨਲ ਡਿਸਕਸ਼ਨ ਤੋਂ ਇਲਾਵਾ ਡਾ. ਅਰਵਿੰਦ ਕੁਮਾਰ, ਸੰਸਥਾਪਕ- ਟਰੱਸਟੀ, ਲੰਗ ਕੇਅਰ ਫਾਊਂਡੇਸ਼ਨ, ਡਾ. ਜੇ.ਐਸ. ਸੰਧਾ ਅਤੇ ਦਿਗਵਿਜੇ ਸਿੰਘ ਬਿਸ਼ਟ ਵੱਲੋਂ ‘ਏ.ਸੀ.ਟੀ.’ ਸਿਧਾਂਤ ਉਤੇ ‘ਵਿਹਾਰਕ ਹੱਲ’ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
ਇਹ ਪ੍ਰੋਗਰਾਮ ਦੇ ਅਖੀਰ ਵਿੱਚ ਵਿਚਾਰ ਸੈਸ਼ਨ ਦੌਰਾਨ ਭਾਗੀਦਾਰਾਂ ਵੱਲੋਂ ਸਾਫ਼ ਹਵਾ ਅਤੇ ਸਿਹਤਮੰਦ ਜੀਵਨ ਲਈ ਇੱਕ ਸਾਂਝੀ ਕਾਰਜ ਯੋਜਨਾ ਤਿਆਰ ਕੀਤੀ ਗਈ।
ਲੰਗ ਕੇਅਰ ਫਾਊਂਡੇਸ਼ਨ ਦੇ ਡਿਪਟੀ ਮੈਨੇਜਰ, ਰਿਤਵਿਕਾ ਮਾਮਾਨੀਆ ਨੇ ਮੁੱਖ ਨੁਕਤਿਆਂ ‘ਤੇ ਚਾਨਣਾ ਪਾਇਆ ਅਤੇ ਭਵਿੱਖ ਲਈ ਠੋਸ ਕਾਰਵਾਈ ਦੇ ਕਦਮਾਂ ਬਾਰੇ ਦੱਸਿਆ।
ਕਾਨਫਰੰਸ ਦੀ ਸਮਾਪਤੀ ਮੌਕੇ ਭਾਗੀਦਾਰਾਂ ਨੂੰ ਮੁਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।