ਲੁਧਿਆਣਾ, 4 ਅਕਤੂਬਰ – ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ”ਮਿਸ਼ਨ ਚੜਦੀਕਲਾ” ਤਹਿਤ 20.20 ਲੱਖ ਦੀ ਰਾਸ਼ੀ ਦਾ ਚੈਕ ਸੌਂਪਿਆ।
ਵਿਧਾਇਕ ਬੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਪੁਨਰਵਾਸ ਅਤੇ ਰਾਜ ਦੇ ਪ੍ਰਭਾਵਿਤ ਖੇਤਰਾਂ ਦੀ ਬਹਾਲੀ ਲਈ ਫੰਡ ਜੁਟਾਉਣ ਲਈ ਇੱਕ ਵਿਸ਼ਵਵਿਆਪੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸਦੇ ਤਹਿਤ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ।
ਮਾਨਵਤਾ ਦੀ ਭਲਾਈ ਲਈ ਵਿੱਢੀ ਗਈ ਇਸ ਮੁਹਿੰਮ ਵਿੱਚ ਜਿੱਥੇ ਵਿਧਾਇਕ ਬੱਗਾ ਨੇ ਨਿੱਜੀ ਤੌਰ ‘ਤੇ 5 ਲੱਖ ਰੁਪਏ ਦਾ ਯੋਗਦਾਨ ਪਾਇਆ ਉੱਥੇ ਉਨ੍ਹਾਂ ਦੇ ਸੱਦੇ ‘ਤੇ ਮੰਨ੍ਹਾ ਸਿੰਘ ਮੈਨੂਫੈਕਚਰਿੰਗ ਐਸੋਸੀਏਸ਼ਨ ਵੱਲੋਂ 5 ਲੱਖ, ਸਬਜ਼ੀ ਮੰਡੀ ਆੜਤੀਆ ਐਸੋਸੀਏਸ਼ਨ ਨੇ 5.50 ਲੱਖ, ਬਹਾਦੁਰਕੇ ਰੋਡ ਤੋਂ ਲਵਲੀ ਸਹਿਗਲ ਨੇ 3 ਲੱਖ, ਸੁਰੇਸ਼ ਅਰੋੜਾ ਨੇ ਇੱਕ ਲੱਖ ਜਦਕਿ ਡਿੰਪਲ ਰਾਣਾ ਤੇ ਕੁਲਦੀਪ ਸ਼ਰਮਾ ਨੇ 1.51 ਲੱਖ ਰੁਪਏ ਦਾ ਸਹਿਯੋਗ ਦਿੱਤਾ ਹੈ।
ਉਨ੍ਹਾਂ ਵੱਖ-ਵੱਖ ਐਸੋਸੀਏਸ਼ਨ ਤੇ ਦਾਨੀ ਸੱਜਣਾਂ ਦਾ ਦਿਲੋਂ ਸਹਿਯੋਗ ਕਰਨ ਲਈ ਧੰਨਵਾਦ ਵੀ ਕੀਤਾ।
ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਪੰਜਾਬੀ ਭਰਾਵਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਪਹਿਲੇ ਪੜਾਅ ਤਹਿਤ ਇਹ ਰਾਸ਼ੀ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਵਿਨਾਸ਼ਕਾਰੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀਆਂ ਵਿਆਪਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਾਲੇ ਹੋਰ ਹੰਭਲਾ ਮਾਰਨ ਦੀ ਲੋੜ ਹੈ।
ਉਨ੍ਹਾਂ ਦੂਸਰੇ ਪੜਾਅ ਤਹਿਤ ਹਮਦਾਦ ਲਈ ਹੋਰਨਾਂ ਉਦਯੋਗਪਤੀਆਂ, ਸਮਾਜਿਕ ਸੰਗਠਨਾਂ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਹਤ ਕਾਰਜਾਂ ਵਿੱਚ ਯੋਗਦਾਨ ਪਾਉਣ ਉਹ ਲਈ ਆਪਣਾ ਮੋਹਰੀ ਰੋਲ ਅਦਾ ਕਰਨ।