ਬਠਿੰਡਾ,3 ਅਕਤੂਬਰ 2025:ਪੰਜਾਬ ਦੇ ਦਰਜਨਾਂ ਪਿੰਡਾਂ ਵਿੱਚ ਐਤਕੀਂ ਪਾਣੀ ਦੇ ਰੂਪ ’ਚ ਆਏ ਰਾਵਣ ਨੇ ਤਿਉਹਾਰਾਂ ਦੇ ਰੰਗ ਫਿੱਕੇ ਪਾ ਦਿੱਤੇ ਹਨ । ਪਿੰਡਾਂ ਸ਼ਹਿਰਾਂ ਵਿਚਲੇ ਹਜ਼ਾਰਾਂ ਲੋਕਾਂ ਨੂੰ ਦੁਸ਼ਹਿਰੇ ਵਰਗਾ ਤਿਉਹਾਰ ਮਨਾਉਣ ਤੋਂ ਵਾਂਝੇ ਰਹਿਣਾ ਪਿਆ ਹੈ ਅਤੇ ਦਿਵਾਲੀ ਵੀ ਫਿੱਕੀ ਰਹਿੰਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਜੱਥੇਬੰਦੀਆਂ ਅਤੇ ਸਮਾਜਸੇਵੀ ਇੰਨ੍ਹਾਂ ਪੀੜਤਾਂ ਦੀ ਜਿੰਦਗੀ ਲੀਹ ਤੇ ਲਿਆਉਣ ’ਚ ਜੁਟ ਗਏ ਹਨ ਜਿੰਨ੍ਹਾਂ ਨੇ ਪੀੜਤਾਂ ਦੀ ਜਿੰਦਗੀ ਦਾ ਸੂਰਜ ਚੜ੍ਹਨ ਤੱਕ ਸਹਾਇਤਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਜਿਸ ਤੋਂ ਹੜ੍ਹ ਪ੍ਰਭਾਵਿਤ ਲੋਕ ਹੌਂਸਲੇ ਵਿੱਚ ਹਨ। ਹੜ੍ਹਾਂ ਦੇ ਪਾਣੀ ਨੇ ਲੋਕਾਂ ਨੂੰ ਬੁਰੀ ਤਰਾਂ ਝੰਬ ਸੁੱਟਿਆ ਹੈ ਅਤੇ ਰੈਣ ਬਸੇਰੇ ਗੁਆਉਣ ਵਾਲਿਆਂ ਦੀ ਜਿੰਦਗੀ ਤਾਂ ਪੂਰੀ ਤਰਾਂ ਹਾਸ਼ੀਏ ਤੇ ਪੁੱਜ ਗਈ ਹੈ ।
ਗੈਰਸਰਕਾਰੀ ਅੰਕੜਾ ਇਸ ਦੌਰਾਨ ਹਜ਼ਾਰਾਂ ਘਰਾਂ ਦੇ ਮਿੱਟੀ ਹੋਣ ਦੀ ਗੱਲ ਕਰਦਾ ਹੈ ਜਦਕਿ ਪੰਜਾਬ ਸਰਕਾਰ ਦੀ ਰਿਪੋਰਟ ਇਸ ਤੋਂ ਵੱਖਰੀ ਹੈ। ਤਕਰੀਬਨ ਮਹੀਨਾਂ ਪਹਿਲਾਂ ਸਾਹਮਣੇ ਆਏ ਪੰਜਾਬ ਸਰਕਾਰ ਦੇ ਤੱਥਾਂ ਅਨੁਸਾਰ ਸੂਬੇ ’ਚ ਹੁਣ ਤੱਕ ਹੜ੍ਹਾਂ ਤੇ ਮੀਂਹ ਨਾਲ 4784 ਘਰ ਪ੍ਰਭਾਵਿਤ ਹੋਏ ਹਨ। ਪੰਜਾਬ ’ਚ 569 ਕੱਚੇ ਘਰ ਅਤੇ 478 ਪੱਕੇ ਘਰ ਪੂਰੀ ਤਰ੍ਹਾਂ ਮਲਬਾ ਬਣ ਚੁੱਕੇ ਹਨ। ਇਸੇ ਤਰਾਂ 1035 ਕੱਚੇ ਪੱਕੇ ਘਰ ਕਾਫ਼ੀ ਨੁਕਸਾਨੇ ਗਏ ਹਨ ਜਦੋਂਕਿ 2702 ਘਰਾਂ ਦਾ ਅੱਧਾ ਨੁਕਸਾਨ ਹੋਇਆ ਹੈ। ਪਿੰਡਾਂ ਦੇ ਹਾਲ ਦੇਖ ਜਾਪਦਾ ਹੈ ਕਿ ਸਰਕਾਰੀ ਮਦਦ ਨਾਲ ਵੀ ਇਨ੍ਹਾਂ ਘਰਾਂ ਨੂੰ ਮੁੜ ਖੜ੍ਹਾ ਕਰਨਾ ਕਾਫੀ ਔਖਾ ਹੈ । ਜੇਕਰ ਆਉਣ ਵਾਲਾ ਸਮਾਂ ਪਾਣੀਆਂ ਦੇ ਪੱਖ ਤੋਂ ਲਗਾਤਾਰ ਪੂਰੀ ਤਰਾਂ ਸੁੱਖ ਸਾਂਦ ਰਹਿੰਦੀ ਹੈ ਤਾਂ ਵੀ ਇਸ ਸਥਿਤੀ ਚੋਂ ਨਿਕਲਣ ਲਈ ਕਈ ਸਾਲ ਲੱਗ ਜਾਣਗੇ। ਚਿੰਤਾਜਨਕ ਪਹਿਲੂ ਇਹ ਹੈ ਕਿ ਪੰਜਾਬ ਦੇ ਕਈ ਖੇਤਰਾਂ ਵਿੱਚ ਇਨ੍ਹਾਂ ਦਿਨਾਂ ਦੌਰਾਨ ਕਿਸਾਨਾਂ ਮਜ਼ਦੂਰਾਂ ਅਤੇ ਕਾਰੋਬਾਰ ਲਈ ਖੁਸ਼ੀਆਂ ਲਿਆਉਣ ਵਾਲੀ ਨਰਮੇ ਅਤੇ ਝੋਨੇ ਦੀ ਫਸਲ ਪੂਰੀ ਤਰਾਂ ਤਬਾਹ ਹੋ ਗਈ ਹੈ।
ਪੰਜਾਬ ਸਰਕਾਰ ਗਿਰਦਾਵਰੀ ਕਰਵਾਉਣ ’ਚ ਉਲਝੀ ਹੋਈ ਹੈ ਜਿਸ ਦੇ ਮੁਕੰਮਲ ਹੋਣ ਤੋਂ ਪਹਿਲਾਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਜਿੰਨ੍ਹਾਂ ਪ੍ਰੀਵਾਰਾਂ ਦੇ ਘਰ ਮੀਂਹ ਦੇ ਪਾਣੀ ਦੀ ਭੇਂਟ ਚੜ੍ਹ ਗਏ ਹਨ ,ਉਨ੍ਹਾਂ ਲਈ ਤਾਂ ਦੂਹਰੀ ਮੁਸੀਬਤ ਬਣੀ ਹੋਈ ਹੈ। ਮਜ਼ਦੂਰਾਂ ਨੂੰ ਦਿਹਾੜੀ ਨਹੀਂ ਮਿਲਦੀ ਅਤੇ ਕਿਸਾਨਾਂ ਨੂੰ ਰੇਤ ਦੇ ਉਸ ਪਹਾੜ ਨੇ ਸੂਲੀ ਟੰਗਿਆ ਹੋਇਆ ਹੈ ਜੋ ਹੜ੍ਹਾਂ ਦੌਰਾਨ ਖੇਤਾਂ ਵਿੱਚ ਇਕੱਠੀ ਹੋ ਗਈ ਹੈ। ਹਾਲਾਂਕਿ ਕਿਸਾਨ ਅਤੇ ਹੋਰ ਕਈ ਜੱਥੇਬੰਦੀਆਂ ਖੇਤਾਂ ਚੋਂ ਮਿੱਟੀ ਕੱਢਣ ਲਈ ਮੈਦਾਨ ’ਚ ਨਿੱਤਰੀਆਂ ਹਨ ਫਿਰ ਵੀ ਮੱਥਾ ਪਹਾੜਾਂ ਨਾਲ ਲੱਗਿਆ ਹੈ ਜੋ ਆਪਣੀ ਥਾਂ ਤੋਂ ਹਿਲਣ ਲਈ ਕਾਫੀ ਸਮਾਂ ਲਵੇਗਾ। ਇਹੋ ਹਾਲ ਉਨ੍ਹਾਂ ਗਰੀਬ ਪ੍ਰੀਵਾਰਾਂ ਦਾ ਹੈ ਜਿੰਨ੍ਹਾਂ ਦੇ ਰੈਣ ਬੇਸਰਿਆਂ ਨੂੰ ਤਾਂ ਹੜ੍ਹ ਦਾ ਪਾਣੀ ਆਪਣੇ ਨਾਲ ਵਹਾਕੇ ਲੈ ਗਿਆ ਹੈ। ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ’ਚ ਕਈ ਪ੍ਰੀਵਾਰਾਂ ਦੇ ਮਕਾਨ ਪੂਰੀ ਤਰਾਂ ਢਹਿ ਢੇਰੀ ਹੋ ਗਏ ਹਨ।
ਹੁਣ ਇੰਨ੍ਹਾਂ ਪ੍ਰੀਵਾਰਾਂ ਨੂੰ ਸਰਕਾਰੀ ਸਹਾਇਤਾ ਦੀ ਉਡੀਕ ਬਣੀ ਹੋਈ ਹੈ। ਪੰਜਾਬ ਦਾ ਆਖ਼ਰੀ ਪਿੰਡ ਟੇਂਡੀਵਾਲਾ ਜਿਸ ਦੇ ਇੱਕ ਪਾਸੇ ਕੰਡਿਆਲੀ ਤਾਰ, ਦੂਸਰੇ ਪਾਸੇ ਸਤਲੁਜ ਦਾ ਪਾਣੀ ਜਿਸ ਨੇ ਪਹਿਲਾਂ ਜ਼ਮੀਨਾਂ ਲਪੇਟ ’ਚ ਲਈਆਂ ਅਤੇ ਫਿਰ ਪਿੰਡ ਨੂੰ ਨਿਗਲਣ ਲੱਗਿਆ ਸੀ। ਸਥਿਤੀ ਇਹ ਬਣ ਗਈ ਕਿ ਨਿਆਣਿਆਂ ਸਿਆਣਿਆਂ ਨੂੰ ਆਪਣੀਆਂ ਲੋੜਾਂ ਸਮਾਨ ਚੁੱਕਕੇ ਰਾਹਤ ਕੈਂਪਾਂ ਵਿੱਚ ਜਾਣਾ ਪਿਆ ਹੈ। ਨੌਜਵਾਨ ਬਲਬੀਰ ਸਿੰਘ ਦੱਸਦਾ ਹੈ ਕਿ ਪਿੰਡ ਵਿਚਲੇ ਇੱਕ ਦਰਜਨ ਦੇ ਕਰੀਬ ਘਰ ਪੂਰੀ ਤਰਾਂ ਮਲਬੇ ਵਿੱਚ ਤਬਦੀਲ ਹੋ ਗਏ ਹਨ ਜਿਸ ਕਰਕੇ ਅਜਿਹੇ ਪ੍ਰੀਵਾਰਾਂ ਨੂੰ ਜਿੰਦਗੀ ’ਚ ਦੁੱਖਾਂ ਦੀ ਵਹਿੰਗੀ ਚੁੱਕਣੀ ਪੈ ਰਹੀ ਹੈ। ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਗੱਗੋਮਾਹਲ ’ਚ ਰਾਵੀ ਦਾ ਬੰਨ੍ਹ ਟੁੱਟਣ ਨਾਲ ਘਰੋਂ ਬੇਘਰ ਹੋਏ ਪ੍ਰੀਵਾਰਾਂ ਨੂੰ ਉਹ ਭਿਆਨਕ ਮੰਜਰ ਯਾਦ ਹੈ ਜਦੋਂ ਉਨ੍ਹਾਂ ਨੂੰ ਟਰੈਕਟਰ ਤੇ ਬੱਚਿਆਂ ਸਮੇਤ ਤਨ ਉੱਪਰ ਪਹਿਨੇ ਹੋਏ ਕੱਪੜਿਆਂ ਨਾਲ ਘਰ ਛੱਡਣ ਦੀ ਨੌਬਤ ਆ ਗਈ ਸੀ।
ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ 16 ਪਿੰਡਾਂ ’ਚ ਕਿੰਨੇ ਹੀ ਆਸ਼ਿਆਨੇ ਬਿਖਰ ਗਏ ਹਨ। ਪਿੰਡ ਰਾਮਪੁਰ ਗਾਉਰਾ ’ਚ ਦਸ ਘਰਾਂ ਦਾ ਤਾਂ ਮਲਬਾ ਹੀ ਦਿਖਾਈ ਦਿੰਦਾ ਹੈ। ਵਿਧਵਾ ਰਾਜ ਕੌਰ ਦਾ ਘਰ ਢਹਿ-ਢੇਰੀ ਹੋ ਗਿਆ ਅਤੇ ਉਹ ਆਪਣੇ ਦੋਵੇਂ ਛੋਟੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਪਾਣੀ ’ਚੋਂ ਬਚ ਨਿਕਲੀ ਸੀ। ਮਜ਼ਦੂਰ ਮੇਜਰ ਸਿੰਘ ਅਤੇ ਬਖਤੌਰ ਸਿੰਘ ਦਾ ਘਰ ਵੀ ਹੜ੍ਹਾਂ ’ਚ ਵਹਿ ਗਿਆ। ਬਖਤੌਰ ਸਿੰਘ ਆਖਦਾ ਹੈ ਕਿ ਪਹਿਲਾਂ 1947 ਵੇਲੇ ਉਜਾੜਾ ਝੱਲਿਆ ਅਤੇ ਹੁਣ ਨਿੱਤ ਚੜ੍ਹ ਕੇ ਆਉਂਦੇ ਦਰਿਆ ਦੇਸ਼ ਨਿਕਾਲਾ ਦੇ ਰਹੇ ਹਨ। ਅਜਨਾਲਾ ਹਲਕੇ ਦੇ ਪਿੰਡ ਪੈੜੇਵਾਲ ਦੇ ਆਜੜੀ ਜੋਗਿੰਦਰ ਸਿੰਘ ਦਾ ਘਰ ਵੀ ਢਹਿ ਗਿਆ ਸਿਰਫ ਵਾੜਾ ਵੀ ਬਚਿਆ ਹੈ। ਆਪਣੇ ਇੱਜੜ ਨੂੰ ਬਚਾ ਕੇ ਜੋਗਿੰਦਰ ਸਿੰਘ ਮਸਾਂ ਨਿਕਲਿਆ ਹੈ। ਇਸ ਪਿੰਡ ’ਚ ਭਿਆਨਕ ਹੜ੍ਹਾਂ ਕਾਰਨ ਚਾਰ ਚੁਫੇਰੇ ਆਈਆਂ ਪਾਣੀ ਦੀਆਂ ਛੱਲਾਂ ਨੇ ਜ਼ਿੰਦਗੀ ਨੂੰ ਵਿਸ਼ਰਾਮ ਚਿੰਨ੍ਹ ਲਾ ਦਿੱਤਾ ਹੈ।
ਖੁਸ਼ੀ ਬਿਨ ਕਾਹਦੇ ਤਿਉਹਾਰਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਹੜ੍ਹਾਂ ਨਾਲ ਹੋਈ ਤਬਾਹੀ ਕਰਕੇ ਜਦੋਂ ਖੁਸ਼ੀਆਂ ਖੰਭ ਲਾਕੇ ਉੱਡ ਗਈਆਂ ਹੋਣ ਤਾਂ ਕਾਹਦੇ ਤਿੱਥ ਤਿਉਹਾਰ । ਉਨ੍ਹਾਂ ਸਰਕਾਰ ਤੋਂ ਕਿਸਾਨਾਂ ਨੂੰ ਪ੍ਰਤੀ ਏਕੜ ਇੱਕ ਲੱਖ ਅਤੇ ਮਜ਼ਦੂਰਾਂ ਦੇ ਨੁਕਸਾਨ ਤੋਂ ਇਲਾਵਾ ਡਿੱਗੇ ਘਰਾਂ ਦੀ ਮੁਕੰਮਲ ਭਰਪਾਈ ਕਰਨ ਦੀ ਮੰਗ ਕੀਤੀ ਤਾਂ ਜੋ ਜਿੰਦਗੀ ਲੀਹੇ ਪੈ ਸਕੇ।