ਅੰਮ੍ਰਿਤਸਰ/ਰਮਦਾਸ, 2 ਅਕਤੂਬਰ()- ਅੱਜ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੱਖੂਵਾਲ ਨੇੜੇ ਰਮਦਾਸ , ਕੋਟ ਗੁਰਬਖਸ਼ ਤੇ ਸੰਮੋਵਾਲ ਪਿੰਡਾਂ ‘ਚ 200 ਹੜ੍ਹ ਪੀੜਤਾਂ ਦੇ ਘਰਾਂ ‘ਚ ਮੁੜ ਵਸੇਬੇ ਦੇ ਮੱਦੇਨਜ਼ਰ ਫੋਲਡਿੰਗ ਮੰਜੇ ਤੇ ਕੰਬਲ ਵੰਡੇ ਗਏ ਅਤੇ ਦੱਸਿਆ ਕਿ ਵਿਸ਼ਵ ਪੰਜਾਬੀ ਕਨੇਡਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਵਲੋਂ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ 15 ਲੱਖ ਰੁਪਏ ਰਾਸ਼ੀ ਰਾਖਵੀਂ ਰੱਖੀ ਗਈ ਹੈ, ਜਿਸ ਚੋਂ ਪਹਿਲੇ ਪੜਾਅ ‘ਚ ਲੋੜਵੰਦ ਹੜ੍ਹ ਪੀੜਤਾਂ ‘ਚ 1000 ਫੋਲਡਿੰਗ ਮੰਜੇ ਤੇ 1000 ਕੰਬਲ ਵੰਡੇ ਜਾਣਗੇ ।
ਜਦੋਂਕਿ ਅਗਲੇ ਪੜਾਅ ‘ਚ ਹੜ੍ਹ ਪੀੜਤਾਂ ਨੂੰ ਮੁੜ ਵਸੇਬੇ ਲਈ ਜਰੂਰੀ ਲੋੜੀਂਦੀਆਂ ਹੋਰ ਘਰੇਲੂ ਵਸਤਾਂ ਭੇਂਟ ਕੀਤੀਆਂ ਜਾਣਗੀਆਂ। ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਕੇਂਦਰੀ ਮੋਦੀ ਸਰਕਾਰ ਨੂੰ ਪੰਜਾਬ ਦੇ ਪੁਨਰ ਵਸੇਬੇ ਅਤੇ ਭਵਿੱਖ ਵਿੱਚ ਹੜ੍ਹਾਂ ਦੀ ਸਥਾਈ ਰੋਕਥਾਮ ਵਜੋਂ ਸੰਘਵਾਦ ਤਹਿਤ ਪੰਜਾਬ ਨੂੰ ਆਪ ਮੁਹਾਰਾ ਵਿੱਤੀ ਸਹਿਯੋਗ ਦੇਣ ਦੀ ਬਜਾਏ ਦਿੱਲੀ ਤੋਂ ਕੇਂਦਰੀ ਵਜ਼ੀਰਾਂ ਦੀਆਂ ਭੇਜੀਆਂ ਜਾ ਰਹੀਆਂ ਟੀਮਾਂ ਰਾਹੀਂ ਬੇਥਵੇ ਝੂਠੇ ਨਿਰਾਧਾਰ ਤੇ ਬੇਬੁਨਿਆਦ ਦੋਸ਼ਾਂ ਦੇ ਕਟਹਿਰੇ ਵਿੱਚ ਖੜਾ ਕਰਨ ਦੀਆਂ ਸਾਜਿਸ਼ਾਂ ਨੂੰ ਫੌਰੀ ਤੌਰ ਤੇ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ।
ਉਹਨਾਂ ਨੇ ਕੇਂਦਰੀ ਮੋਦੀ ਸਰਕਾਰ ਤੇ ਜ਼ੋਰ ਦਿੱਤਾ ਕਿ ਬੇਲੋੜੇ ਦੋਸ਼ਾਂ ਦੀ ਝੜੀ ਲਗਾਉਣ ਦੀ ਬਜਾਏ ਕੇਂਦਰ ਸਰਕਾਰ ਬਿਨ੍ਹਾਂ ਕਿਸੇ ਦੇਰੀ ਤੋਂ ਕਿਸਾਨਾਂ ਦੀਆਂ ਨੁਕਸਾਨੀਆਂ ਫਸਲਾਂ ਦੇ ਮੁਆਵਜੇ, ਬਰਬਾਦ ਹੋਈਆਂ ਸੜਕਾਂ, ਖੇਤਾਂ ਨੂੰ ਦੁਬਾਰਾ ਵਾਹੀਯੋਗ ਬਣਾਉਣ , ਸਕੂਲਾਂ ਕਾਲਜਾਂ , ਸਿਹਤ ਸੰਸਥਾਵਾਂ ਸਮੇਤ ਵਿਿਦਆਰਥੀਆਂ ਦੀ ਮੁੜ ਪੜਾਈ ਲਈ ਬਿਨ੍ਹਾਂ ਕਿਸੇ ਦੇਰੀ ਰਾਜਸੀ ਨੌਟੰਕੀ ਛੱਡ ਕੇ ਪੁਨਰਵਾਸ ਲਈ 20 ਹਜ਼ਾਰ ਕਰੋੜ ਦਾ ਰਾਹਤ ਪੈਕੇਜ਼ ਜਾਰੀ ਕਰਨ ਲਈ ਪਹਿਲ ਕਦਮੀ ਕਰੇ। ਦਰਿਆਵਾਂ ਦੀ ਸਾਫ ਸਫਾਈ ਅਤੇ ਧੁੱਸੀ ਬੰਨ੍ਹਾਂ ਦੀ ਮਜਬੂਤੀ ਲਈ ਦੂਰ ਦ੍ਰਿਸ਼ਟੀ ਅਪਣਾਉਂਦਿਆਂ ਵੱਡੇ ਪੱਧਰ ਤੇ ਫੰਡ ਜਾਰੀ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਪੰਜਾਬ ਨੂੰ ਇਸ ਵੇਰਾਂ ਵਰਗੇ ਭਿਅੰਕਰ ਹੜਾਂ ਦਾ ਸਾਹਮਣਾ ਨਾ ਕਰਨਾ ਪਵੇ। ਸ. ਧਾਲੀਵਾਲ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਐਸਡੀਆਰਐਫ ਦੇ ਨਿਯਮ ਹੱਦੋਂ ਵੱਧ ਸਖਤ ਪਾਬੰਦੀਆਂ ਵਾਲੇ ਹੋਣ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਪੈਰਾਂ ਨੂੰ ਫਸਲਾਂ ,ਘਰਾਂ, ਪਸੂਆਂ , ਵਿਅਕਤੀਆਂ ਤੇ ਬੁਨਿਆਦੀ ਢਾਂਚੇ ਦਾ ਢੁਕਵਾਂ ਮੁਆਵਜਾ ਦੇਣ ਲਈ ਜੰਜੀਰਾਂ ‘ਚ ਜਕੜਦੇ ਹਨ।
ਜਦੋਂਕਿ ਆਫਤਾਂ ਲਈ ਮੁਆਵਜਾ ਦੇਣ ਹਿੱਤ ਐਸਡੀਆਰਐਫ ਦੇ ਨਿਯਮ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਲਚਕਦਾਰ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਐਸਡੀਆਰਐਫ ‘ਚ ਨਿਯਮਾਂ ਅਨੁਸਾਰ ਬਕਾਇਦਾ ਕੇਂਦਰੀ ਵਿੱਤ ਕਮਿਸ਼ਨ ਵਲੋਂ ਸੂਬਾ ਸਰਕਾਰ ਨੂੰ ਫੰਡ ਭੇਜੇ ਜਾਂਦੇ ਹਨ, ਜਿਸ ਚ 25 ਫ਼ੀਸਦ ਹਿੱਸਾ ਸੂਬਾ ਸਰਕਾਰ ਵੀ ਪਾਉਂਦੀ ਹੈ,ਬੀਤੇ ਮੰਗਲਵਾਰ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠਲੇ ਵਫਦ ਨੇ ਨਵੀਂ ਦਿੱਲੀ ਵਿਖੇ 16 ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਡਾ: ਅਰਵਿੰਦ ਪੰਨਗੜੀਆ ਨਾਲ ਉਚੇਚੀ ਮੁਲਾਕਾਤ ਕਰਕੇ ਇਸ ਸਮੇਂ ਪੰਜਾਬ ਕੋਲ ਐਸਡੀਆਰਐਫ ਦੇ ਕੁੱਲ ਫੰਡ 12,268 ਕਰੋੜ ਰੁਪਏ ਫੰਡ ਹੋਣ ਦੇ ਲੇਖਾ ਜੋਖਾ ਦਿੰਦਿਆ ਦੱਸਿਆ ਕਿ ਪੰਜਾਬ ‘ਚ ਵਿਰੋਧੀ ਧਿਰਾਂ ਸਮੇਤ ਕੇਂਦਰੀ ਵਜੀਰਾਂ ਤੇ ਸੀਨੀਅਰ ਭਾਜਪਾ ਲੀਡਰਸ਼ਿਪ ਵਲੋਂ ਪੈਦਾ ਕੀਤੇ ਗਏ ਵਾਦ ਵਿਵਾਦ ਬੇਲੋੜਾ ਹੈ ਕਿਉਂਕਿ ਪੰਜਾਬ ਵੱਲ ਖੜੀ ਉਕਤ ਰਕਮ ‘ਚ 7623 ਕਰੋੜ ਰੁਪਏ ਵਿਆਜ ਦੀ ਵੱਡੀ ਰਕਮ ਹੈ। ਸ . ਧਾਲੀਵਾਲ ਨੇ ਕਿਹਾ ਕਿ ਐਸਡੀਆਰਐਫ ਨੂੰ ਵੀ ਰਾਸ਼ਟਰੀ ਆਫਤ ਪ੍ਰਬੰਧਨ ਫੰਡ (ਐਨਡੀਆਰਐਫ )ਵਾਂਗ ਇਕ ਬਿਨ੍ਹਾਂ ਵਿਆਜ ਰਿਜਰਵ ਫੰਡ ‘ਚ ਬਦਲਣ ਦੀ ਮੁੱਖ ਲੋੜ ਹੈ। ਸ. ਧਾਲੀਵਾਲ ਨੇ ਦਾਅਵਾ ਕੀਤਾ ਕਿ ਕੇਂਦਰੀ ਸਰਕਾਰ ਦੇ ਮਤਰੇਈ ਮਾਂ ਵਾਲੇ ਸਲੂਕ ਦੇ ਬਾਵਜੂਦ ਹੜ੍ਹ ਪੀੜਤਾਂ ਦੇ ਪੁਨਰਵਸੇਬੇ ਅਤੇ ਉਚਿਤ ਮੁਆਵਜਾ ਦੇਣ ‘ਚ ਆਪਨੇ ਸਰੋਤਾਂ ‘ਚੋਂ ਫੰਡ ਜਾਰੀ ਕਰਕੇ ਪੰਜਾਬ ਰੰਗਲਾ ਪੰਜਾਬ ਬਣਾਏਗੀ।
ਇਸ ਮੌਕੇ ਤੇ ਸੀਨੀਅਰ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਪ੍ਰਧਾਨ ਡਾ.ਦਲਬੀਰ ਸਿੰਘ ਕਥੂਰੀਆ,ਮਾਝਾ ਜ਼ੋਨ ਦੇ ਪ੍ਰਧਾਨ ਤੇ ਲੇਖਕ ਸ. ਸਤਬੀਰ ਸਿੰਘ ਅੰਮ੍ਰਿਤਸਰ , ਸਭਾ ਦੇ ਕੌਮਾਂਤਰੀ ਮੀਡੀਆ ਸਲਾਹਕਾਰ ਜਸਵਿੰਦਰ ਸਿੰਘ ਬਿੱਟਾ, ਪੀਏ ਮੁਖਤਾਰ ਸਿੰਘ ਬਲੜਵਾਲ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।