ਜਲੰਧਰ, 1 ਅਕਤੂਬਰ : ਮਨੁੱਖਤਾ ਦੀ ਸੇਵਾ ਵੱਲ ਕਦਮ ਵਧਾਉਂਦਿਆਂ ਬੂਟਾ ਮੰਡੀ ਵਿੱਚ ਬਾਰਿਸ਼ ਪ੍ਰਭਾਵਿਤ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਦਿੱਤਾ ਜਾ ਰਿਹਾ ਹੈ। ਇਕ ਐਨ.ਜੀ.ਓ ਵਲੋਂ ਅੱਜ ਘਰ ਦੇ ਮੁੜ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਹਾਲ ਹੀ ਵਿੱਚ ਮਾਨਸੂਨ ਦੌਰਾਨ ਭਾਰੀ ਬਾਰਿਸ਼ ਕਰਕੇ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਸੀਨੀਅਰ ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ, ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਜਸਵਿੰਦਰ ਸਿੰਘ ਸਾਹਨੀ ਅਤੇ ਚੇਅਰਮੈਨ ਵਰਿੰਦਰ ਮਲਿਕ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਘਰ ਦੀ ਉਸਾਰੀ ਦੇ ਕੰਮ ਦੀ ਨੀਂਹ ਰੱਖੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰੀ ਬਰਸਾਤ ਕਾਰਨ ਪਰਿਵਾਰ ਬੇਘਰ ਹੋ ਗਿਆ ਸੀ ਕਿਉਂਕਿ ਉਨ੍ਹਾਂ ਦਾ ਮਕਾਨ ਮਾਨਸੂਨ ਦੌਰਾਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਸੀ। ਉਨ੍ਹਾਂ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਘਰ ਦੁਬਾਰਾ ਬਣਾਉਣ ਦੀ ਨੇਕ ਜ਼ਿੰਮੇਵਾਰੀ ਚੁੱਕਣ ਦੀ ਭਰਪੂਰ ਸ਼ਲਾਘਾ ਕੀਤੀ, ਜੋ ਕਿ ਪੀੜਤ ਪਰਿਵਾਰ ਲਈ ਵੱਡੀ ਰਾਹਤ ਹੋਵੇਗੀ।
ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਰਿਵਾਰ ਨੂੰ ਸਿਹਤ ਸਬੰਧੀ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮਾਤਾ ਹਰਮੇਸ਼ ਕੌਰ ਨੂੰ ਅਧਰੰਗ ਹੈ। ਉਸਦਾ ਬੇਟਾ ਕਿਡਨੀ ਅਤੇ 10 ਸਾਲਾ ਪੋਤਾ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਘਰ ਨੁਕਸਾਨੇ ਜਾਣ ਤੋਂ ਬਾਅਦ ਤੋਂ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਰਹਿ ਰਿਹਾ ਹੈ। ਐਨ.ਜੀ.ਓ. ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦੁਆਇਆ ਕਿ ਨਿਰਮਾਣ ਕਾਰਜ ਇਕ ਮਹੀਨੇ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ।
ਐਨ.ਜੀ.ਓ.ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਡਾ.ਅਗਰਵਾਲ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਅਜਿਹੇ ਉਪਰਾਲੇ ਭਾਈਚਾਰਕ ਸਾਂਝ ਅਤੇ ਹਮਦਰਦੀ ਦੀ ਭਾਵਨਾ ਦੇ ਸੁਨੇਹੇ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਹੋਰਨਾਂ ਐਨ.ਜੀ.ਓਜ਼ ਨੂੰ ਵੀ ਜੁਆਇੰਟ ਐਕਸ਼ਨ ਕਮੇਟੀ ਦੀਆਂ ਲੀਹਾਂ ’ਤੇ ਚੱਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹੇ ਸਾਂਝੇ ਉਪਰਾਲੇ ਹੜ੍ਹ ਪੀੜਤ ਲੋਕਾਂ ਨੂੰ ਔਖੀ ਘੜੀ ਵਿਚੋਂ ਬਾਹਰ ਕੱਢਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਅ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਲੋਕ ਹੜ੍ਹਾਂ ਤੇ ਭਾਰੀ ਬਰਸਾਤ ਕਰਕੇ ਪ੍ਰਭਾਵਿਤ ਹੋਏ ਹਨ, ਲਈ ਰਾਹਤ ਕਾਰਜਾਂ ਦੇ ਨਾਲ-ਨਾਲ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਮੁਲਾਂਕਣ ਦਾ ਕੰਮ ਪਹਿਲਾਂ ਹੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ।