ਲੁਧਿਆਣਾ, 01 ਅਕਤੂਬਰ (000) – ਸਟੇਟ ਕਮਿਸ਼ਨਰ ਫਾਰ ਪਰਸਨਜ਼ ਵਿਦ ਡਿਸਏਬਲੀਟੀਜ ਅਰਵਿੰਦ ਪਾਲ ਸਿੰਘ ਸੰਧੂ, ਆਈ.ਏ.ਐਸ. ਵੱਲੋਂ ਬੀਤੇ ਕੱਲ੍ਹ ਦਿਵਿਆਂਗਜਨਾਂ ਦੀ ਭਲਾਈ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਬਰੇਲ ਭਵਨ ਕੰਪਲੈਕਸ, ਜਮਾਲਪੁਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ।
ਸਟੇਟ ਕਮਿਸ਼ਨਰ ਸੰਧੂ ਵੱਲੋਂ ਬਲਾਈਂਡ ਸ਼੍ਰੇਣੀ ਦੇ ਬੱਚਿਆਂ ਲਈ ਚਲ ਰਹੇ ਸਕੂਲ ਦੇ ਵਿਦਿਆਰਥੀਆਂ, ਟੀਚਿੰਗ ਸਟਾਫ, ਨਾਨ ਟੀਚਿੰਗ ਸਟਾਫ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲੁਧਿਆਣਾ ਅਤੇ ਇੰਪਾਵਰਮੈਂਟ ਐਸੋਸੀਏਸ਼ਨ ਫਾਰ ਬਲਾਇੰਡ ਦੇ ਨਾਲ ਮੀਟਿੰਗ ਵੀ ਕੀਤੀ।
ਇਸ ਮੌਕੇ ਮੌਜੂਦ ਦਿਵਿਆਂਗ ਯੂਨੀਅਨ ਦੇ ਨੁਮਾਇੰਦਿਆਂ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲੁਧਿਆਣਾ ਵਰਿੰਦਰ ਸਿੰਘ ਟਿਵਾਣਾ ਅਤੇ ਬਰੇਲ ਭਵਨ ਦੇ ਸੁਪਰਡੰਟ ਅਮਨਦੀਪ ਸਿੰਘ ਬੱਲ ਵੱਲੋਂ ਸਟੇਟ ਕਮਿਸ਼ਨਰ ਸੰਧੂ ਨੂੰ ਇਸ ਕੰਪਲੈਕਸ ਵਿਖੇ ਦਿਵਿਆਂਗਜਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ।
ਸਟੇਟ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਇਨ੍ਹਾਂ ਮੁਸ਼ਕਿਲਾਂ ਨੂੰ ਗੌਰ ਨਾਲ ਸੁਣਿਆ ਅਤੇ ਜਲਦ ਨਿਪਟਾਰਾ ਕਰਵਾਉਣ ਹਿੱਤ ਸਰਕਾਰ ਨੂੰ ਇੱਕ ਸਿਫਾਰਿਸ਼ ਰਿਪੋਰਟ ਭੇਜਣ ਦਾ ਵੀ ਪੂਰਨ ਭਰੋਸਾ ਦਿੱਤਾ।