ਬਠਿੰਡਾ,22 ਸਤੰਬਰ 2025: ਬਠਿੰਡਾ ਜਿਲ੍ਹੇ ਦੇ ਪਿੰਡ ਕੋਟ ਸ਼ਮੀਰ ਦੀ ਬਹੁਮੰਤਵੀ ਪੇਂਡੂ ਸਹਿਕਾਰੀ ਸਭਾ ’ਚ ਲੱਖਾਂ ਦੇ ਘਪਲੇ ਦੀ ਚੁੰਝ ਚਰਚਾ ਹੈ ਜਿਸ ਨੂੰ ਲੈਕੇ ਪਿੰਡ ਵਿੱਚ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਕੀਤੀਆਂ ਜਾ ਰਹੀਆਂ ਹਨ। ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਅੰਗਰੇਜ ਸਿੰਘ ਨਾਮੀ ਮੁਲਾਜਮ ਨੂੰ ਮੁਅੱਤਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਇਹ ਉਹੀ ਅੰਗਰੇਜ ਸਿੰਘ ਹੈ ਜਿਸ ਦੀ ਭਰਤੀ ਖਿਲਾਫ ਨਗਰ ਪੰਚਾਇਤ ਕੋਟਸ਼ਮੀਰ ਦੇ ਮੀਤ ਪ੍ਰਧਾਨ ਜਸਕਰਨ ਕੋਟਸ਼ਮੀਰ ਦੀ ਅਗਵਾਈ ਹੇਠ ਵਫਦ ਨੇ ਡਿਪਟੀ ਰਜਿਸ਼ਟਰਾਰ ਬਠਿੰਡਾ ਨੂੰ ਮੰਗ ਪੱਤਰ ਦੇਕੇ ਉਸ ਦੀ ਨਿਯੁਕਤੀ ਸਬੰਧੀ ਮਾਦੰਡਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਹੁਣ ਜਦੋਂ ਇਹ ਕਥਿਤ ਘਪਲਾ ਬੇਪਰਦ ਹੋਇਆ ਹੈ ਤਾਂ ਪਿੰਡ ਦੇ ਕਈ ਆਗੂ ਆਗੂ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਘੇਰਨ ਦੀ ਤਿਆਰੀ ਕਰਨ ਲੱਗੇ ਹਨ ਜਿਸ ਦੇ ਚੱਲਦਿਆਂ ਮਾਮਲਾ ਹੋਰ ਵੀ ਭਖਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਜਾਣਕਾਰੀ ਅਨੁਸਾਰ ਮੁਢਲੇ ਤੌਰ ਤੇ ਸਹਿਕਾਰੀ ਸਭਾ ਦੇ ਕੁੱਝ ਮੈਂਬਰ ਜਾਂਚ ਅਧਿਕਾਰੀ ਕੋਲ ਪੇਸ਼ ਹੋਏ ਹਨ ਜਿੰਨ੍ਹਾਂ ਦਾ ਪੈਸਾ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਨਹਂੀ ਹੋਇਆ ਹੈ। ਇਸ ਤੋਂ ਇਲਾਵਾ ਖਾਦ ਵਗੈਰਾ ਦਾ ਸਟਾਕ ਵੀ ਘੱਟ ਪਾਇਆ ਗਿਆ ਹੈ ਜਿਸ ਕਰਕੇ ਰਿਕਾਰਡ ਦੇ ਮਿਲਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇੰਸਪੈਕਟਰ ਅਕਾਸ਼ਦੀਪ ਸਿੰਘ ਨੇ ਇੰਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਿਆਂਜਮ੍ਹਾਂ ਨਾਂ ਹੋਣ ਵਾਲੀ ਰਾਸ਼ੀ ਦੀ ਜਾਣਕਾਰੀ ਦੇਣ ਤੋਂ ਤਾਂ ਟਾਲਾ ਵੱਟ ਲਿਆ ਪਰ ਇਹ ਮੰਨਿਆ ਹੈ ਕਿ ਦੋ ਤਿੰਨ ਮੈਂਬਰਾਂ ਨੇ ਪੈਸੇ ਖਾਤਿਆਂ ਵਿੱਚ ਜਮ੍ਹਾਂ ਨਾਂ ਹੋਣ ਦੀ ਸ਼ਕਾਇਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ 30 ਸਤੰਬਰ ਨੂੰ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਜਿਸ ਦੌਰਾਨ ਇਸ ਮਸਲੇ ਤੇ ਵਿਚਾਰ ਕੀਤਾ ਜਾਣਾ ਹੈ। ਭਾਵੇਂ ਅਧਿਕਾਰੀ ਇਸ ਮਾਮਲੇ ਨੂੰ ਹਲਕਾ ਕਰਕੇ ਦੇਖ ਰਹੇ ਹਨ ਪਰ ਪਿੰਡ ਵਾਸੀਆਂ ਨੇ ਦਬੀ ਜਬਾਨ ’ਚ ਇਸ ਨੂੰ ਵੱਡਾ ਘਪਲਾ ਦੱਸਿਆ ਹੈ। ਦਿਲਚਸਪ ਪਹਿਲੂ ਇਹ ਵੀ ਹੈ ਕਿ ਜਦੋਂ ਅੰਗਰੇਜ ਸਿੰਘ ਨੂੰ ਸੇਲਜ਼ਮੈਨ ਦਾ ਚਾਰਜ ਦਿੱਤਾ ਸੀ ਤਾਂ ਉਦੋਂ ਪਿੰਡ ਦੇ ਪਤਵੰਤਿਆਂ ਨੇ ਅਧਿਕਾਰੀਆਂ ਕੋਲ ਰੋਸ ਜਤਾਇਆ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈ। ਪਿੰਡ ਵਾਸੀ ਦੱਸਦੇ ਹਨ ਕਿ ਇਹ ਚਾਰਜ ਕਥਿਤ ਸਿਆਸੀ ਦਬਾਅ ਹੇਠ ਦਿੱਤਾ ਗਿਆ ਸੀ ਅਤੇ ਹੁਣ ਜਦੋਂ ਇਹ ਕਥਿਤ ਘਪਲਾ ਉਜਾਗਰ ਹੋ ਗਿਆ ਹੈ ਤਾਂ ਅੰਗਰੇਜ ਸਿੰਘ ਨੂੰ ਮਜਬੂਰੀਵੱਸ ਮੁਅੱਤਲ ਕਰਨਾ ਪਿਆ ਹੈ। ਸਹਿਕਾਰੀ ਸਭਾ ਦੇ ਇੱਕ ਮੈਂਬਰ ਨੇ ਆਪਣਾ ਨਾਮ ਨਾਂ ਜਾਹਰ ਕਰਨ ਦੀ ਸ਼ਰਤ ਤੇ ਦੱਸਿਆ ਕਿ ਜੇਕਰ ਸਹਿਕਾਰੀ ਸਭ ਦੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਹੋਵੇ ਤਾਂ ਕਾਫੀ ਕੁੱਝ ਸਾਹਮਣੇ ਆ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਬੰਧਕਾਂ ਨੂੰ ਸਭ ਕੁੱਝ ਪਤਾ ਹੈ ਪਰ ਸਿਆਸੀ ਦਬਾਅ ਕਾਰਨ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ। ਉਨ੍ਹਾਂ ਮਾਮਲੇ ਦੀ ਹਰ ਪਹਿਲੂ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ।
ਸਪਸ਼ਟੀਕਰਨ ਲਈ ਦਿੱਤਾ ਸਮਾਂਪਤਾ ਲੱਗਿਆ ਹੈ ਕਿ ਸਹਿਕਾਰੀ ਸਭਾ ਦੀ ਪ੍ਰਬੰਧਕੀ ਕਮੇਟੀ ਨੇ ਅੰਗਰੇਜ ਸਿੰਘ ਨੂੰ 15 ਅਕਤੂਬਰ ਤੱਕ ਆਪਣਾ ਸਪਸ਼ਟੀ ਕਰਨ ਦੇਣ ਲਈ ਕਿਹਾ ਹੈ। ਪ੍ਰਬੰਧਕਾਂ ਨੂੰ ਉਮੀਦ ਹੈ ਕਿ ਇਸ ਦੌਰਾਨ ਮਅੱਤਲ ਅੰਗੇਰਜ਼ ਸਿੰਘ ਖਾਤਿਆਂ ’ਚ ਪੈਸੇ ਜਮ੍ਹਾਂ ਕਰਵਾ ਸਕਦਾ ਹੈ। ਇਸ ਸਬੰਧ ਵਿੱਚ ਪੱਖ ਜਾਨਣ ਲਈ ਸਹਿਕਾਰੀ ਸਭਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਸੰਪਰਕ ਕਰਨ ਤੇ ਫੋਨ ਨਹੀਂ ਚੁੱਕਿਆ ਜਦੋਂਕਿ ਦੂਸਰੀ ਵਾਰ ਫੋਨ ਬਿਜ਼ੀ ਕਰ ਲਿਆ।
ਘਪਲੇਬਾਜਾਂ ਖਿਲਾਫ ਯੂਨੀਅਨਸਹਿਕਾਰੀ ਸਭਾਵਾਂ ਯੂਨੀਅਨ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸੁਖਮੰਦਰ ਸਿੰਘ ਦਾ ਕਹਿਣਾ ਸੀ ਕਿ ਕੋਟਸ਼ਮੀਰ ਸਹਿਕਾਰੀ ਸਭਾ ’ਚ ਕਿਸੇ ਕਿਸਮ ਦੇ ਫਰਕ ਸਬੰਧੀ ਉਨ੍ਹਾਂ ਨੇ ਸੁਣਿਆ ਜਰੂਰ ਹੈ ਪਰ ਘਪਲੇ ਸਬੰਧੀ ਪੱਕੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਘਪਲਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਸਹਾਇਤਾ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨਾਂ ਨਾਲ ਧੋਖਾ ਕਰਦਾ ਹੈ ਤਾਂ ਉਸ ਦੀ ਨਿਰੱਪਖ ਜਾਂਚ ਕਰਕੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਸਹਿਕਾਰੀ ਮਹਿਕਮਾ ਕਸੂਰਵਾਰਨਗਰ ਪੰਚਾਇਤ ਕੋਟਸ਼ਮੀਰ ਦੇ ਮੀਤ ਪ੍ਰਧਾਨ ਅਤੇ ਸਹਿਕਾਰੀ ਸਭਾਵਾਂ ਯੂਨੀਅਨ ਪੰਜਾਬ ਦੇ ਸਾਬਕਾ ਜਿਲ੍ਹਾ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਦਾ ਕਹਿਣਾ ਸੀ ਕਿ ਕਰੀਬ ਡੇਢ ਸਾਲ ਪਹਿਲਾਂ ਉਨ੍ਹਾਂ ਦੀ ਅਗਵਾਈ ਹੇਠ ਇੱਕ ਵਫਦ ਨੇ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਰਾਹੀਂ ਪੂਰੀ ਜਾਣਕਾਰੀ ਦਿੱਤੀ ਸੀ ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਮਹਿਕਮੇ ਨੇ ਕੋਈ ਕਾਰਵਾਈ ਤਾਂ ਕੀ ਕਰਨੀ ਸੀ ਬਲਕਿ ਅੱਖਾਂ ਮੀਚੀ ਰੱਖੀਆਂ ਜਿਸ ਕਰਕੇ ਇਹ ਘਪਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕਥਿਤ ਘਪਲੇ ਲਈ ਸਿੱਧੇ ਤੌਰ ਤੇ ਜਿਲ੍ਹਾ ਸਹਿਕਾਰੀ ਵਿਭਾਗ ਕਸੂਰਵਾਰ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਕੇ ਕਸੂਰਵਾਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੜਤਾਲ ਦੇ ਹੁਕਮ:ਡੀਆਰਡਿਪਟੀ ਰਜਿਸਟਰਾਰ ਤੇਜੇਸ਼ਵਰ ਸਿੰਘ ਦਾ ਕਹਿਣਾ ਸੀ ਕਿ ਸਹਾਇਕ ਰਜਿਟਰਾਰ ਹਰਮੀਤ ਸਿੰਘ ਨੂੰ ਇਸ ਮਾਮਲੇ ਦੀ ਪੜਤਾਲ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 30 ਸਤੰਬਰ ਤੱਕ ਰਿਪੋਰਟ ਪੇਸ਼ ਕਰਨ ਕਿਹਾ ਗਿਆ ਹੈ ਜਿਸ ਦੇ ਅਧਾਰ ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਏਗੀ।


