ਲੁਧਿਆਣਾ, 16 ਸਤੰਬਰ (000) – ਗਲਾਡਾ ਵਲੋਂ ਵੱਡੀ ਕਾਰਵਾਈ ਕਰਦਿਆਂ ਸਥਾਨਕ ਸੈਕਟਰ 32-ਏ, ਚੰਡੀਗੜ੍ਹ ਰੋਡ ਵਿਖੇ ਅਰਬਨ ਅਸਟੇਟ ਨੇੜੇ ਰੇਹੜੀ/ਫੜ੍ਹੀ ਅਤੇ ਝੁੱਗੀ ਝੌਪੜੀ ਵਾਲਿਆਂ ਵਲੋਂ ਕੀਤੇ ਨਜਾਇਜ ਕਬਜਿਆਂ ਨੂੰ ਹਟਾਇਆ ਗਿਆ। ਇਹ ਕਾਰਵਾਈ ਗਲਾਡਾ ਤੇ ਨਗਰ ਨਿਗਮ, ਲੁਧਿਆਣਾ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ।ਗਲਾਡਾ ਅਧਿਕਾਰੀ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਇਲਾਕੇ ਵਿੱਚ ਕੁਝ ਲੋਕਾਂ ਵਲੋਂ ਕਾਫੀ ਲੰਬੇ ਸਮੇਂ ਤੋਂ ਗਲਾਡਾ ਦੀ ਪ੍ਰਾਪਰਟੀ ਵਿੱਚ ਗੈਰਕਾਨੂੰਨੀ ਤੌਰ ‘ਤੇ ਰੇਹੜੀਆਂ/ਫੜ੍ਹੀਆਂ ਲਗਾਈਆਂ ਜਾ ਰਹੀਆਂ ਸਨ।
ਇਸ ਤੋਂ ਇਲਾਵਾ ਉੱਥੇ ਝੁੱਗੀ-ਝੌਪੜੀਆਂ ਸਥਾਪਤ ਕਰਕੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ। ਗਲਾਡਾ ਦੇ ਮੁੱਖ ਪ੍ਰਸ਼ਾਸਕ ਵਲੋਂ ਜਾਰੀ ਹਦਾਇਤਾਂ ਤਹਿਤ ਸਬੰਧਤ ਅਧਿਕਾਰੀਆਂ ਵਲੋਂ ਕਾਰਵਾਈ ਕਰਦਿਆ ਵਪਾਰਕ ਮਾਰਕੀਟ ਦੇ ਦੁਆਲੇ ਰੇਹੜੀ/ਫੜ੍ਹੀਆਂ ਅਤੇ ਝੁੱਗੀ ਝੌਪੜੀਆਂ ਨੂੰ ਹਟਾ ਦਿੱਤਾ ਗਿਆ। ਮੋਕੇ ‘ਤੇ ਮੌਜੂਦ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਇਹਨਾਂ ਰੇਹੜੀ/ਫੜ੍ਹੀ ਅਤੇ ਝੁੱਗੀ ਝੌਪੜੀ ਵਾਲਿਆਂ ਨੂੰ ਪਹਿਲਾਂ ਵੀ ਕਈ ਵਾਰ ਰੋਕਿਆ ਗਿਆ ਸੀ, ਪ੍ਰੰਤੂ ਇਨ੍ਹਾਂ ਵਿਅਕਤੀਆਂ ਵੱਲੋਂ ਗਲਾਡਾ ਦੇ ਹੁਕਮਾਂ ਨੂੰ ਅਣਗੋਲਿਆ ਕਰਕੇ ਗਲਾਡਾ ਦੀ ਪ੍ਰਾਪਰਟੀ ‘ਤੇ ਨਜਾਇਜ ਕਬਜ਼ਾ ਬਣਾਈ ਰੱਖਿਆ। ਇਸ ਕਾਰਵਾਈ ਮੌਕੇ ਗਲਾਡਾ ਦੇ ਨਾਲ ਨਗਰ ਨਿਗਮ, ਲੁਧਿਆਣਾ ਦੇ ਅਧਿਕਾਰੀ ਵੀ ਮੌਜੂਦ ਸਨ। ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਗਲਾਡਾ ਦੀਆਂ ਵੱਖ ਵੱਖ ਅਰਬਨ ਅਸਟੇਟਸ ਵਿੱਚ ਰੋਜਾਨਾਂ ਕੀਤੀਆਂ ਜਾਣਗੀਆਂ ਤਾਂ ਜੋ ਉਥੋ ਦੇ ਵਸਨੀਕਾ ਨੂੰ ਰਹਿਣ ਲਈ ਸੁਚੱਜਾ ਮਹੌਲ ਦਿੱਤਾ ਜਾ ਸਕੇ।


