ਖੰਨਾ, (ਲੁਧਿਆਣਾ) 14 ਸਤੰਬਰ: ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ ਅਤੇ ਪ੍ਰਾਹੁਣਚਾਰੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਐਤਵਾਰ ਨੂੰ ਪਾਰਟੀ ਦਫਤਰ ਖੰਨਾ ਵਿੱਚ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ “ਮੇਰਾ ਹਲਕਾ ਮੇਰਾ ਪਰਿਵਾਰ” ਪ੍ਰੋਗਰਾਮ ਤਹਿਤ ਇੱਕ ਵਿਸ਼ਾਲ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਜਿੱਥੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉੱਥੇ ਨਾਲ ਹੀ ਉਨ੍ਹਾਂ ਦਾ ਨਿਬੇੜਾ ਵੀ ਕਰਵਾਇਆ ਗਿਆ।ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਆਵਾਮ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਪ੍ਰਗਟ ਕਰਕੇ ਜੋ ਜਿੰਮੇਵਾਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੌਪੀ ਹੈ ਉਸ ਯਕੀਨ ਨੂੰ ਕਾਇਮ ਰੱਖ ਕੇ ਸਰਕਾਰ ਨੇ ਦਹਾਕਿਆ ਪੁਰਾਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਲੋਕਾਂ ਦੇ ਭਰੋਸੇ ਤੇ ਅਸੀਂ ਖਰੇ ਉਤਰੇ ਹਾਂ ਇਸੇ ਲਈ ਹਰੇਕ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਸਾਲੀ ਜਨਤਕ ਫਤਵਾ ਮਿਲਿਆ ਹੈ।ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਉਹਨਾਂ ਨੂੰ ਖੰਨਾ ਹਲਕੇ ਦੇ ਵਿਧਾਇਕ ਦੀ ਜਿੰਮੇਵਾਰੀ ਮਿਲੀ ਹੈ ਅਤੇ ਸਾਢੇ ਤਿੰਨ ਸਾਲ ਵਿੱਚ ਇਸ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦਾ ਰਿਕਾਰਡ ਵਿਕਾਸ ਕਰਵਾਇਆ ਹੈ ਜਿਸ ਨੇ ਪਿਛਲੇ 75 ਸਾਲ ਵਿੱਚ ਹੋਈ ਵਿਕਾਸ ਨੂੰ ਨਿਗੁਣਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਸਾਡੇ ਹਲਕੇ ਦੇ ਹਰ ਪਿੰਡ ਵਿੱਚ ਕੋਈ ਨਾ ਕੋਈ ਵਿਕਾਸ ਦਾ ਕੰਮ ਚੱਲ ਰਿਹਾ ਹੈ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ। ਸਿਹਤ ਸਹੂਲਤਾਂ ਲੋਕਾਂ ਦੇ ਦਰਾਂ ਤੇ ਉਪਲੱਬਧ ਕਰਵਾਈਆਂ ਗਈਆਂ ਹਨ। ਸਰਕਾਰੀ ਸਕੂਲਾਂ ਵਿੱਚ ਚਾਰ ਦੀਵਾਰੀ, ਲੈਬੋਰੇਟਰੀ, ਲਾਇਬੇ੍ਰਰੀ ਕਲਾਸ ਰੂਮ, ਵਾਈਫਾਈ ਇੰਟਰਨੈਟ, ਫਰਨੀਚਰ, ਟਰਾਂਸਪੋਰਟ, ਸੁਰੱਖਿਆ ਗਾਰਡ, ਕੈਂਪਸ ਮੈਨੇਜਰ ਵਰਗੀਆਂ ਸਹੂਲਤਾਂ ਮਿਲ ਰਹੀਆਂ ਹਨ।
ਪਿੰਡਾਂ ਦੇ ਟੋਬੇ ਤੇ ਛੱਪੜਾਂ ਦੀ ਸਫਾਈ, ਖੇਡ ਮੈਦਾਨ, ਕਮਿਊਨਿਟੀ ਸੈਂਟਰਾਂ ਦੀ ਉਸਾਰੀ, ਓਪਨ ਜਿੰਮ, ਸੋਲਰ ਲਾਇਟਾਂ, ਪੀਣ ਲਈ ਸ਼ੁੱਧ ਜਲ ਸਪਲਾਈ, ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਹਾਂ ਜਿਹੜੇ ਵੀ ਮਾਮਲੇ ਸਾਡੇ ਧਿਆਨ ਵਿੱਚ ਆ ਰਹੇ ਹਨ ਉਹਨਾਂ ਦਾ ਸਮਾਂਬੱਧ ਹੱਲ ਕੀਤਾ ਜਾ ਰਿਹਾ ਹੈ। ਅੱਜ ਖੰਨਾ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ, ਪੰਚਾਂ, ਪੰਤਵੱਤੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਜਿਹਨਾਂ ਨੂੰ ਸਮਾਂਬੱਧ ਰਹਿ ਕੇ ਹੱਲ ਕੀਤਾ ਜਾ ਰਿਹਾ ਹੈ।*ਖੰਨਾ ਹਲਕੇ ਦੇ ਲੋਕਾਂ ਨੇ ਆਪਣੇ ਆਗੂ ਤਰੁਨਪ੍ਰੀਤ ਸਿੰਘ ਸੌਂਦ ਦੀ ਲੋਕ ਸੇਵਾ ਨੂੰ ਦੱਸਿਆ ਮਿਸਾਲੀ*ਇਸ ਮੌਕੇ ਕੰਮ ਕਰਵਾਉਣ ਲਈ ਆਏ ਹੋਏ ਲੋਕਾਂ ਨੇ ਆਪਣੇ ਆਗੂ ਤਰੁਨਪ੍ਰੀਤ ਸਿੰਘ ਸੌਂਦ ਦੀ ਲੋਕ ਸੇਵਾ ਨੂੰ ਮਿਸਾਲੀ ਦੱਸਦਿਆਂ ਕਿਹਾ ਕਿ ਆਮ ਤੌਰ ਤੇ ਚੋਣਾਂ ਤੋ ਬਾਅਦ ਚੁਣੇ ਹੋਏ ਨੁਮਾਇੰਦੇ ਆਮ ਲੋਕਾਂ ਦੀ ਪਹੁੰਚ ਤੋ ਦੂਰ ਹੋ ਜਾਂਦੇ ਹਨ, ਪ੍ਰੰਤੂ ਖੰਨਾ ਹਲਕੇ ਦੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਜਿਹੜਾ ਆਗੂ ਚੁਣਿਆਂ ਹੈ, ਉਹ ਉਨ੍ਹਾਂ ਦੇ ਦੁੱਖ ਤਕਲੀਫਾਂ ਨੂੰ ਜਾਣਦਾ ਹੈ ਅਤੇ ਹਰ ਸਮੇਂ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਸਮਾਜਿਕ, ਧਾਰਮਿਕ ਸਮਾਗਮਾਂ ਅਤੇ ਲੋਕਾਂ ਦੇ ਦੁੱਖ-ਸੁੱਖ ਵਿਚ ਹਰ ਸਮੇਂ ਹਾਜ਼ਰ ਹੈ।
ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਸਰਕਾਰ ਦੇ ਹੋਰ ਪ੍ਰੋਗਰਾਮ ਯੁੱਧ ਨਸ਼ਿਆ ਵਿਰੁੱਧ ਅਤੇ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮਾਂ ਵਿਚ ਵੀ ਆਪਣੇ ਆਗੂ ਤਰੁਨਪ੍ਰੀਤ ਸਿੰਘ ਸੌਂਦ ਦੀ ਅਣਥੱਕ ਮਿਹਨਤ ਨੂੰ ਨੇੜੇ ਤੋ ਦੇਖਿਆ ਹੈ ਅਤੇ ਆਪ ਦੇ ਵਰਕਰ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਖੁਦ ਅਜਿਹੇ ਕੈਂਪਾਂ ਵਿੱਚ ਲੋਕਾਂ ਦੀ ਸੇਵਾ ਵਿੱਚ ਨਜ਼ਰ ਆਏ ਹਨ।ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਮਾਸਟਰ ਅਵਤਾਰ ਸਿੰਘ ਦਹਿੜੂ, ਓ.ਐਸ.ਡੀ ਕਰਨ ਅਰੋੜਾ, ਕੌਂਸਲਰ ਸੁਨੀਲ ਕੁਮਾਰ ਨੀਟਾ, ਕੌਂਸਲਰ ਵਿੱਕੀ ਮਿਸ਼ਾਲ, ਸਾਬਕਾ ਕੌਂਸਲਰ ਗੁਰਮੇਲ ਸਿੰਘ ਕਾਲਾ, ਅਮਰਿੰਦਰ ਸਿੰਘ ਚਾਹਲ, ਮਨਸਾ ਸਿੰਘ, ਗੌਰਵ ਮੋਦਗਿੱਲ, ਗੁਰਮੁੱਖ ਸਿੰਘ, ਕਰਮਜੀਤ ਸਿੰਘ ਸਿਫਤੀ, ਸ਼ੇਰ ਸਿੰਘ ਮੰਡੇਰ ਤੋ ਇਲਾਵਾ ਖੰਨਾ ਹਲਕੇ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।