ਚੰਡੀਗੜ੍ਹ, 12 ਸਤੰਬਰ 2025- ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਤਰਨਤਾਰਨ ਦੀ ਜ਼ਿਲ੍ਹਾ ਕੋਰਟ ਦੇ ਵੱਲੋਂ ਚਾਰ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ। ਦਰਅਸਲ, ਇਹ ਕਾਰਵਾਈ 2013 ਦੇ ਇੱਕ ਮਾਮਲੇ ਵਿੱਚ ਕੀਤੀ ਗਈ ਹੈ।ਵਿਧਾਇਕ ਨੂੰ ਪਰਸੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਲਾਲਪੁਰਾ ਦੀ ਵਿਧਾਇਕੀ ਖ਼ਤਰੇ ਵਿੱਚ ਜਾਪ ਰਹੀ ਹੈ। ਜਾਣਕਾਰਾਂ ਦੀ ਮੰਨੀਏ ਤਾਂ, ਜੇਕਰ ਕਿਸੇ ਵੀ ਵਿਧਾਇਕ ਨੂੰ ਕੋਰਟ ਦੀ ਤਰਫ਼ੋਂ ਦੋ ਸਾਲ ਤੋਂ ਜਿਆਦਾ ਸਜ਼ਾ ਸੁਣਾਈ ਜਾਂਦੀ ਹੈ ਤਾਂ, ਉਸਨੂੰ ਆਯੋਗ ਕਰਾਰ ਦੇ ਦਿੱਤਾ ਜਾਂਦਾ ਹੈ।
ਇਹ ਕਾਰਵਾਈ Representation of the People Act, 1951 (ਧਾਰਾ 8(3)) ਦੇ ਤਹਿਤ ਹੋ ਸਕਦੀ ਹੈ। ਇਸ ਮੁਤਾਬਕ ਜਿਵੇਂ ਹੀ ਸਜ਼ਾ ਸੁਣਾਈ ਜਾਂਦੀ ਹੈ, MLA ਆਪਣੀ ਸੀਟ ਗੁਆ ਬੈਠਦਾ ਹੈ। ਉਹ ਆਪਣੇ ਕਾਰਜਕਾਲ ਦੌਰਾਨ MLA ਨਹੀਂ ਰਹਿੰਦਾ। ਇਸ ਤੋਂ ਇਲਾਵਾ, ਸਜ਼ਾ ਪੂਰੀ ਹੋਣ ਤੋਂ ਬਾਅਦ ਵੀ 6 ਸਾਲ ਲਈ ਚੋਣ ਨਹੀਂ ਲੜ ਸਕਦਾ। ਦੂਜੇ ਪਾਸੇ, ਜਾਣਕਾਰ ਦੱਸਦੇ ਨੇ ਕਿ ਜੇਕਰ ਵਿਧਾਇਕ ਦੇ ਵੱਲੋਂ ਇਸ ਸਜ਼ਾ ਕੇਸ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਜਾਂਦੀ ਹੈ ਅਤੇ ਜੇ ਕੋਰਟ ਸਜ਼ਾ ਨੂੰ ਖ਼ਤਮ ਕਰਦੀ ਹੈ ਤਾਂ ਜਾ ਕੇ ਕਿਤੇ ਲਾਲਪੁਰਾ ਦੀ ਵਿਧਾਇਕੀ ਬਚ ਸਕਦੀ ਹੈ। ਹਾਲਾਂਕਿ ਲਾਲਪੁਰਾ ਕੋਲ ਇਸ ਕੇਸ ਨੂੰ ਹਾਈਕੋਰਟ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਵੀ ਚੈਲੰਜ ਕਰਨ ਦਾ ਅਧਿਕਾਰ ਹੈ।