ਜਲੰਧਰ, 6 ਸਤੰਬਰ: ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਚੱਲ ਰਹੇ ਸੋਢਲ ਮੇਲੇ ਦੌਰਾਨ ਸ੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਖੇ ਮੱਥਾ ਟੇਕਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅਥਾਹ ਵਿਸ਼ਵਾਸ ਤੇ ਸ਼ਰਧਾ ਸਦਕਾ ਹਰ ਸਾਲ ਲੱਖਾਂ ਸ਼ਰਧਾਲੂ ਮੰਦਿਰ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਬਾਬਾ ਸੋਢਲ ਜੀ ਆਪਣੇ ਅਸ਼ੀਰਵਾਦ ਸਦਕਾ ਲੱਖਾਂ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
ਮੇਲੇ ਦੀ ਵਿਸ਼ਵ ਵਿਆਪੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਭਗਤ ਨੇ ਕਿਹਾ ਕਿ ਦੁਨੀਆਂ ਭਰ ਤੋਂ ਸੰਗਤਾਂ ਇਥੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਆਉਂਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸਿਹਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਉੱਥੇ ਪੀਣ ਲਈ ਸਾਫ਼ ਪਾਣੀ ਦੀ ਵਿਵਸਥਾ, ਮੋਬਾਇਲ ਪਖ਼ਾਨੇ ਅਤੇ ਸੁਰੱਖਿਆ ਆਦਿ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਸਾਰੀਆਂ ਜਥੇਬੰਦੀਆਂ ਦਾ ਮੇਲੇ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਭਨਾ ਦੇ ਵੱਡਮੁੱਲੇ ਸਹਿਯੋਗ ਸਦਕਾ ਮੇਲੇ ਦੌਰਾਨ ਸ਼ਾਂਤੀਪੂਰਵਕ ਧਾਰਮਿਕ ਇਕੱਠ ਸੰਭਵ ਹੋ ਸਕਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਤਿਨ ਕੋਹਲੀ, ਦਿਨੇਸ਼ ਢੱਲ ਅਤੇ ਰਾਜਵਿੰਦਰ ਕੌਰ ਥਿਆੜਾ ਵਲੋਂ ਵੀ ਮੰਦਿਰ ਵਿਖੇ ਮੱਥਾ ਟੇਕਿਆ ਗਿਆ। ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਆਈਆਂ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਲੋਂ ਇਸ ਸਲਾਨਾ ਮੇਲੇ ਨੂੰ ਸਫ਼ਲ ਬਣਾਉਣ ਲਈ ਕੀਤੇ ਗਏ ਵਿਆਪਕ ਪੁਖ਼ਤਾ ਪ੍ਰਬੰਧਾਂ ਲਈ ਧੰਨਵਾਦ ਕੀਤਾ ਗਿਆ। ——————