ਅਜਨਾਲਾ, 4 ਸਤੰਬਰ (ਬਲਰਾਜ ਸਿੰਘ ਰਾਜਾ): ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਹੜ੍ਹ ਪ੍ਰਭਾਵਿਤ ਪਿੰਡ ਘੋਨੇਵਾਲ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜਿਉਂ ਹੀ ਮੌਸਮ ਸਾਫ਼ ਹੋਵੇਗਾ ਅਤੇ ਪਾਣੀ ਦਾ ਪੱਧਰ ਘਟੇਗਾ, ਤੁਰੰਤ ਵਿਸ਼ੇਸ਼ ਗਿਰਦਾਵਰੀ (ਖੇਤੀਬਾੜੀ ਅਤੇ ਨੁਕਸਾਨ ਦਾ ਸਰਵੇਖਣ) ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ, ਅਤੇ ਇਸ ਤੋਂ ਬਾਅਦ ਪਟਵਾਰੀ ਹਰ ਪ੍ਰਭਾਵਿਤ ਘਰ ਤੱਕ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ। ਰਿਪੋਰਟ ਮਿਲਣ ਤੋਂ ਬਾਅਦ ਸਰਕਾਰ ਨੂੰ ਭੇਜ ਕੇ ਜਲਦੀ ਤੋਂ ਜਲਦੀ ਮੁਆਵਜ਼ਾ ਰਾਸ਼ੀ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ, ਜਿਵੇਂ ਕਿ ਘੋਨੇਵਾਲ, ਜਿੱਥੋਂ ਧੁੱਸੀ ਬੰਨ੍ਹ ਟੁੱਟਾ ਹੈ, ਤੋਂ ਗਿਰਦਾਵਰੀ ਦਾ ਕੰਮ ਪਹਿਲਾਂ ਸ਼ੁਰੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਵੱਖ-ਵੱਖ ਟੀਮਾਂ, ਗੈਰ-ਸਰਕਾਰੀ ਸੰਗਠਨ, ਰੈੱਡ ਕਰਾਸ, ਅਤੇ ਵਲੰਟੀਅਰ ਸੂਬੇ ਭਰ ਤੋਂ ਇੱਥੇ ਪਹੁੰਚ ਕੇ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ।
ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਵੇਰਵਾ
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ 190 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ ਹਨ, ਜਿਸ ਨਾਲ ਲਗਭਗ 1.35 ਲੱਖ ਲੋਕ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਪੰਜ ਮਨੁੱਖੀ ਜਾਨਾਂ ਗਈਆਂ ਹਨ ਅਤੇ 91 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪਸ਼ੂਧਨ ਦੇ ਮਾਮਲੇ ਵਿੱਚ, 12 ਪਸ਼ੂਆਂ ਦੇ ਮਰਨ ਅਤੇ ਕਈਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਹੈ।
ਉਨ੍ਹਾਂ ਦੱਸਿਆ ਕਿ ਬਚਾਅ ਕਾਰਜਾਂ ਦੌਰਾਨ ਪੂਰੀ ਤਰ੍ਹਾਂ ਪਾਣੀ ਵਿੱਚ ਘਿਰੇ ਹੋਏ 2734 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਇਸ ਸਮੇਂ ਲੋਕਾਂ ਦੀ ਸਹੂਲਤ ਲਈ 16 ਹੜ੍ਹ ਰਾਹਤ ਕੇਂਦਰ ਚੱਲ ਰਹੇ ਹਨ, ਜਿੱਥੇ ਲੋਕਾਂ ਦੇ ਰਹਿਣ, ਪਸ਼ੂਆਂ ਦੇ ਰੱਖਣ, ਰਾਸ਼ਨ ਅਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਕੈਂਪਾਂ ਵਿੱਚ ਡਾਕਟਰੀ ਟੀਮਾਂ ਵੀ 24 ਘੰਟੇ ਮੌਜੂਦ ਹਨ।
ਸੱਪ ਦੇ ਡੱਸਣ ‘ਤੇ ਤੁਰੰਤ ਰਾਹਤ ਕੇਂਦਰ ਪਹੁੰਚੋ
ਸ੍ਰੀ ਗੁਪਤਾ ਨੇ ਲੋਕਾਂ ਨੂੰ ਖਾਸ ਅਪੀਲ ਕਰਦਿਆਂ ਕਿਹਾ ਕਿ ਹੜ੍ਹ ਦੇ ਪਾਣੀ ਵਿੱਚ ਸੱਪਾਂ ਦੇ ਡੱਸਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਜਿਹੀ ਸਥਿਤੀ ਨੂੰ ਹਲਕੇ ਵਿੱਚ ਨਾ ਲੈਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਜਦੋਂ ਵੀ ਕਿਸੇ ਨੂੰ ਸੱਪ ਡੱਸਦਾ ਹੈ, ਤਾਂ ਉਹ ਤੁਰੰਤ ਹੜ੍ਹ ਰਾਹਤ ਕੇਂਦਰਾਂ ਵਿੱਚ ਪਹੁੰਚਣ। ਇਨ੍ਹਾਂ ਕੇਂਦਰਾਂ ਵਿੱਚ ਸੱਪ ਦੇ ਡੱਸਣ ਦਾ ਟੀਕਾ ਮੌਜੂਦ ਹੈ ਅਤੇ ਇਹ ਸਭ ਤੋਂ ਸੁਰੱਖਿਅਤ ਇਲਾਜ ਹੈ। ਉਨ੍ਹਾਂ ਲੋਕਾਂ ਨੂੰ ਘਰੇਲੂ ਇਲਾਜਾਂ ਤੋਂ ਬਚਣ ਅਤੇ ਸਿੱਧੀ ਡਾਕਟਰੀ ਸਹਾਇਤਾ ਲੈਣ ਲਈ ਕਿਹਾ ਤਾਂ ਜੋ ਕਿਸੇ ਵੀ ਕੀਮਤੀ ਜਾਨ ਦਾ ਖਤਰਾ ਨਾ ਹੋਵੇ।