ਲੁਧਿਆਣਾ, 2 ਸਤੰਬਰ 2025 — ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਹੜ੍ਹ ਪੀੜਤ ਜ਼ਿਲ੍ਹਿਆਂ ਵਿੱਚ ਲੋਕਾਂ ਦੀ ਸੁਰੱਖਿਆ ਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਵੱਡੀ ਕਾਰਵਾਈ ਸ਼ੁਰੂ ਕੀਤੀ ਗਈ ਹੈ।ਸਿਵਲ ਸਰਜਨ ਡਾ. ਰਮਨਦੀਪ ਕੌਰ ਵੱਲੋਂ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਐਂਬੂਲੈਂਸਾਂ ਦੀ ਫਲੀਟ ਨੂੰ ਝੰਡਾ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਕਦਮ ਹੜ੍ਹ ਪੀੜਤ ਲੋਕਾਂ ਤੱਕ ਤੇਜ਼ੀ ਨਾਲ ਸਿਹਤ ਸਹੂਲਤਾਂ ਪਹੁੰਚਾਉਣ ਲਈ ਪੰਜਾਬ ਸਰਕਾਰ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ।ਵਿਭਾਗ ਵੱਲੋਂ ਕੁੱਲ 818 ਮੈਡੀਕਲ ਟੀਮਾਂ — 458 ਰੈਪਿਡ ਰਿਸਪਾਂਸ ਟੀਮਾਂ ਅਤੇ 360 ਮੋਬਾਈਲ ਮੈਡੀਕਲ ਟੀਮਾਂ — ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਹੁਣ ਤੱਕ 962 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ, ਜਿੱਥੇ 31,876 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਦਸਤ, ਗੈਸਟ੍ਰੋਐਂਟਰਾਈਟਿਸ, ਸ਼ੂਗਰ, ਬਲੱਡ ਪ੍ਰੈਸ਼ਰ, ਚਮੜੀ ਤੇ ਅੱਖਾਂ ਦੇ ਇਨਫੈਕਸ਼ਨ, ਕੁੱਤੇ ਦੇ ਕਟਣ ਅਤੇ ਹੋਰ ਬਿਮਾਰੀਆਂ ਦਾ ਇਲਾਜ ਇਨ੍ਹਾਂ ਕੈਂਪਾਂ ਵਿੱਚ ਕੀਤਾ ਜਾ ਰਿਹਾ ਹੈ।
ਗਰਭਵਤੀ ਮਹਿਲਾਵਾਂ ਦੀ ਅਗਾਉਂ ਜਾਂਚ ਵੀ ਕੀਤੀ ਜਾ ਰਹੀ ਹੈ। ਸਾਰੇ ਜ਼ਿਲ੍ਹਿਆਂ ਵਿੱਚ ਹੜ੍ਹ ਲਈ ਚੁਣੀਆਂ ਗਈਆਂ 66 ਦਵਾਈਆਂ ਅਤੇ 21 ਖਪਤ ਸਮਾਨ ਵਾਫਰ ਮਾਤਰਾ ਵਿੱਚ ਉਪਲਬਧ ਹਨ ਅਤੇ ਹੋਰ ਦਵਾਈਆਂ ਦੀ ਖਰੀਦ ਲਈ ਵੱਖਰੇ ਫੰਡ ਵੀ ਜਾਰੀ ਕੀਤੇ ਗਏ ਹਨ।ਮੋਬਾਈਲ ਮੈਡੀਕਲ ਟੀਮਾਂ ਘਰ-ਘਰ ਜਾ ਕੇ ਲੋਕਾਂ ਦਾ ਇਲਾਜ ਕਰ ਰਹੀਆਂ ਹਨ। ਕੁੱਲ 11,103 ਆਸ਼ਾ ਵਰਕਰ ਲੋਕਾਂ ਨੂੰ ਪਾਣੀ ਨਾਲ ਅਤੇ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕਰ ਰਹੀਆਂ ਹਨ, ਬੁਖ਼ਾਰ ਵਾਲੇ ਮਰੀਜ਼ਾਂ ਦੀ ਜਾਂਚ ਲਈ ਉਨ੍ਹਾਂ ਨੂੰ ਮੋਬਿਲਾਈਜ਼ ਕਰ ਰਹੀਆਂ ਹਨ ਅਤੇ ਗਰਭਵਤੀ ਮਹਿਲਾਵਾਂ ਦੀ ਟ੍ਰੈਕਿੰਗ ਕਰ ਰਹੀਆਂ ਹਨ।
ਰੁਟੀਨ ਟੀਕਾਕਰਣ ਵੀ ਇਲਾਕਿਆਂ ਵਿੱਚ ਜਾਰੀ ਹੈ।ਬਿਮਾਰੀਆਂ ਨੂੰ ਰੋਕਣ ਲਈ ਘਰ-ਘਰ ਕਲੋਰਿਨ ਟੈਬਲਿਟਾਂ ਅਤੇ ਪੈਲੇਟਾਂ ਵੰਡੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਸਾਫ਼ ਜਾਂ ਉਬਾਲਿਆ ਪਾਣੀ ਪੀਣ ਦੀ ਅਪੀਲ ਕੀਤੀ ਜਾ ਰਹੀ ਹੈ। ਵੱਡੇ ਪੱਧਰ ‘ਤੇ ਫੋਗਿੰਗ ਅਤੇ ਛਿੜਕਾਅ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਹਰ ਰੋਜ਼ ਕੇਸਾਂ ਦੀ ਮਾਨੀਟਰਿੰਗ ਕੀਤੀ ਜਾ ਰਹੀ ਹੈ ਤਾਂ ਜੋ ਸਮੇਂ ਸਿਰ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਹੜ੍ਹ ਪੀੜਤ ਇਲਾਕਿਆਂ ਲਈ ਵਿਭਾਗ ਨੇ 170 ਐਂਬੂਲੈਂਸਾਂ ਤਾਇਨਾਤ ਕੀਤੀਆਂ ਹਨ ਜਦਕਿ ਇੰਡੀਆਨ ਮੈਡੀਕਲ ਐਸੋਸੀਏਸ਼ਨ, ਨਰਸਿੰਗ ਕਾਲਜਾਂ ਅਤੇ ਐਨਜੀਓਜ਼ ਵੱਲੋਂ ਹੋਰ 254 ਐਂਬੂਲੈਂਸਾਂ ਉਪਲਬਧ ਕਰਵਾਈਆਂ ਗਈਆਂ ਹਨ। ਇਸ ਤਰ੍ਹਾਂ ਕੁੱਲ 424 ਐਂਬੂਲੈਂਸਾਂ ਚੌਂਵੀ ਘੰਟੇ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਹਨ।
ਗੁਰਦਾਸਪੁਰ ਵਿੱਚ ਦੋ ਬੋਟ ਐਂਬੂਲੈਂਸਾਂ ਦੂਰ ਦਰਾਜ਼ ਪਿੰਡਾਂ ਨੂੰ ਸਿਹਤ ਸੇਵਾਵਾਂ ਪਹੁੰਚਾ ਰਹੀਆਂ ਹਨ, ਜਦਕਿ ਇੱਕ ਹੈਲੀਕਾਪਟਰ ਗੰਭੀਰ ਮਰੀਜ਼ਾਂ ਤੇ ਗਰਭਵਤੀ ਮਹਿਲਾਵਾਂ ਨੂੰ ਬਚਾਉਣ ਲਈ ਤਾਇਨਾਤ ਹੈ। ਹੁਣ ਤੱਕ ਪੰਜ ਗਰਭਵਤੀ ਮਹਿਲਾਵਾਂ ਨੂੰ ਸੁਰੱਖਿਅਤ ਤਰੀਕੇ ਨਾਲ ਇਵੈਕੁਏਟ ਕਰਕੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਮੁਹੱਈਆ ਕਰਵਾਇਆ ਗਿਆ ਹੈ।ਮੈਨਪਾਵਰ ਨੂੰ ਮਜ਼ਬੂਤ ਕਰਨ ਲਈ 322 ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ 138 ਸਭ ਤੋਂ ਪ੍ਰਭਾਵਿਤ 7 ਜ਼ਿਲ੍ਹਿਆਂ ਵਿੱਚ ਖ਼ਾਸ ਤੌਰ ‘ਤੇ ਤਾਇਨਾਤ ਕੀਤੇ ਗਏ ਹਨ।
ਇਹ ਅਧਿਕਾਰੀ ਮੈਡੀਕਲ ਕੈਂਪਾਂ, ਮੋਬਾਈਲ ਟੀਮਾਂ ਅਤੇ ਐਂਬੂਲੈਂਸ ਸੇਵਾਵਾਂ ਦੀ ਅਗਵਾਈ ਕਰ ਰਹੇ ਹਨ। ਆਈਐਮਏ ਪੰਜਾਬ, ਨਰਸਿੰਗ ਕਾਲਜਾਂ, ਪ੍ਰਾਈਵੇਟ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬ ਕੇਮਿਸਟ ਐਸੋਸੀਏਸ਼ਨ ਵੱਲੋਂ ਪਹਿਲੀ ਸਹਾਇਤਾ ਕਿੱਟਾਂ ਤਿਆਰ ਕਰਕੇ ਪੀੜਤ ਇਲਾਕਿਆਂ ਵਿੱਚ ਭੇਜੀਆਂ ਜਾ ਰਹੀਆਂ ਹਨ।ਇਸ ਮੌਕੇ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ, “ਸਾਰੇ ਜ਼ਿਲ੍ਹੇ ਚੌਂਵੀ ਘੰਟੇ ਲਗਾਤਾਰ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਰੋਕਥਾਮੀ ਕਾਰਵਾਈ ਮੁਹੱਈਆ ਕਰਵਾਉਣ ਵਿੱਚ ਜੁਟੇ ਹੋਏ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਲੋਕਾਂ ਦੀ ਜਾਨ ਬਚਾਉਣ ਅਤੇ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”