ਖੰਨਾ, (ਲੁਧਿਆਣਾ) 29 ਅਗਸਤ : ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਬੀਤੀ ਰਾਤ ਵੀਰਵਾਰ ਨੂੰ ਖੰਨਾ ਤੋਂ ਫਾਜ਼ਿਲਕਾ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਿੱਚ ਪਸ਼ੂ ਧਨ ਦੀ ਮੱਦਦ ਲਈ ਰਾਹਤ ਸਮੱਗਰੀ ਵਜੋਂ ਫੀਡ ਦਾ ਇੱਕ ਟਰੱਕ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਵਾਨਾ ਕੀਤਾ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਹੈ। ਪੰਜਾਬ ਦੇ ਸਰਹੱਦੀ ਏਰੀਏ ‘ਤੇ ਹੜ੍ਹਾਂ ਨੇ ਬਹੁਤ ਵੱਡੀ ਮਾਰ ਕੀਤੀ ਹੈ। ਪੰਜਾਬ ਦਾ ਹਰ ਵਸਨੀਕ ਇਹ ਚਾਹੁੰਦਾ ਹੈ ਕਿ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕਰ ਸਕੀਏ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਖੰਨਾ ਇਲਾਕੇ ਦੇ ਸਾਰੇ ਉਦਯੋਗਪਤੀਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਸੰਕਟ ਦੇ ਸਮੇਂ ਵਿੱਚ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕਰੋ। ਸੋ ਕੈਟਲ ਫੀਡ ਇੰਡਸਟਰੀ ਸਮੇਤ ਅਸੀਂ ਸਾਰਿਆਂ ਨੇ ਯੋਗਦਾਨ ਪਾ ਕੇ ਫੀਡ ਦਾ ਭਰਿਆ ਟਰੱਕ ਪਸ਼ੂਆਂ ਲਈ ਭੇਜਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਜਿੱਥੇ ਕਿਤੇ ਵੀ ਜਰੂਰਤ ਹੋਵੇਗੀ ਇਸੇ ਤਰ੍ਹਾਂ ਨਿਰੰਤਰ ਸਮੱਗਰੀ ਭੇਜਦੇ ਰਹਾਂਗੇ। ਸੋ ਇਸ ਕੁਦਰਤੀ ਆਫਤ ਦੇ ਚੱਲਦੇ ਉਨ੍ਹਾਂ ਇਲਾਕਾ ਵਾਸੀਆਂ ਨੂੰ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਰਾਹਤ ਸਮੱਗਰੀ ਦੇਣ ਦਾ ਸੱਦਾ ਦਿੱਤਾ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਰਕਾਰ ਦੇ ਸਾਰੇ ਅਧਿਕਾਰੀ ਇਸ ਕੁਦਰਤੀ ਆਫਤ ਨਿਪਟਣ ਲਈ ਆਪਣਾ ਕੰਮ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ ਅਤੇ ਵਿਧਾਇਕ ਇਸ ਸੰਕਟ ਦੀ ਘੜੀ ਵਿੱਚ ਆਪਣਾ-ਆਪਣਾ ਕੰਮ ਕਰ ਰਹੇ ਹਨ। ਸੋ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਸਾਰੇ ਇੱਕਠੇ ਹੋ ਕੇ ਇਸ ਸੰਕਟਮਈ ਸਮੇਂ ਦਾ ਸਾਹਮਣਾ ਕਰਨ ਦਾ ਉਪਰਾਲਾ ਕਰੀਏ। ਉਨ੍ਹਾਂ ਪੰਜਾਬ ਵਾਸੀਆਂ ਨੂੰ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮੱਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ।