ਅਸ਼ੋਕ ਵਰਮਾ
ਚੰਡੀਗੜ੍ਹ, 25 ਅਗਸਤ 2025: ‘ਘਰ ਵਿੱਚ ਆਟਾ ਨਹੀਂ ਤੇ ਚਾਹ ਲਈ ਗੁੜ ਨਹੀਂ ਬਚਿਆ ਹੈ। ਹੁਣ ਦੱਸੋ ਜਿੰਦਗੀ ਦਾ ਤੋਰਾ ਕਿਵੇਂ ਤੋਰਾਂਗੇ। ਪੰਜਾਬ ’ਚ ਹੜ੍ਹਾਂ ਦੀ ਮਾਰ ਹੇਠ ਆਏ ਸੈਂਕੜੇ ਪ੍ਰੀਵਾਰਾਂ ਦਾ ਇਹ ਦਰਦ ਹੈ ਜੋ ਸਾਹਮਣੇ ਆਇਆ ਹੈ। ਹੜ੍ਹ ਪੀੜਤਾਂ ਦੀ ਦੁਖਦਾਈ ਵਿਥਿਆ ਸੁਣਕੇ ਹਰ ਕੋਈ ਝੰਜੋੜਿਆ ਜਾਂਦਾ ਹੈ। ਇੰਨ੍ਹਾਂ ਪ੍ਰੀਵਾਰਾਂ ਦੀਆਂ ਅੱਖਾਂ ’ਚ ਹੰਝੂ ਤੇ ਚਿਹਰਿਆਂ ਤੇ ਭਵਿੱਖ ਦੀ ਚਿੰਤਾ ਹੈ। ਮਾਮਲੇ ਦਾ ਇੱਕ ਪਹਿਲੂ ਇਹ ਵੀ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਬਲਕਿ ਲੰਘੇ ਛੇ ਵਰ੍ਹਿਆਂ ਦੌਰਾਨ ਪੰਜਾਬ ’ਚ ਇਹ ਤੀਸਰੀ ਵਾਰੀ ਹੈ ਜਦੋਂ ਪਾਣੀ ਦੀਆਂ ਬੇਲਗਾਮ ਹੋਈਆਂ ਛੱਲਾਂ ਨੇ ਪੰਜਾਬੀਆਂ ਦਾ ਅਰਥਚਾਰਾ ਬੁਰੀ ਤਰਾਂ ਝੰਬਕੇ ਰੱਖ ਦਿੱਤਾ ਹੈ। ਇਸ ਵਾਰ ਦੇ ਅੰਕੜਿਆਂ ਤੇ ਝਾਤੀ ਮਾਰੀਏ ਤਾਂ ਕਰੀਬ ਇੱਕ ਲੱਖ ਏਕੜ ਫ਼ਸਲ ਹੜ੍ਹਾਂ ਦੀ ਲਪੇਟ ’ਚ ਆਈ ਹੋਈ ਹੈ ਅਤੇ ਇਹ ਸਿਲਸਿਲਾ ਰੁਕ ਨਹੀਂ ਰਿਹਾ ਹੈ।
ਸਰਕਾਰੀ ਰਿਪੋਰਟਾਂ ਮੁਤਾਬਕ ਹੜ੍ਹਾਂ ਨੇ ਸਭ ਤੋਂ ਵੱਧ ਫ਼ਾਜ਼ਿਲਕਾ ਜਿਲ੍ਹੇ ’ਚ 32,762 ਏਕੜ ਫ਼ਸਲ ਬੁਰੀ ਤਰਾਂ ਪ੍ਰਭਾਵਿਤ ਕੀਤੀ ਹੈ ਜਦੋਂਕਿ ਕਪੂਰਥਲਾ ਜ਼ਿਲ੍ਹੇ ’ਚ ਝੋਨਾ, ਗੰਨਾ ਤੇ ਮੱਕੀ ਦੀ 20,995 ਏਕੜ ਫ਼ਸਲ ਖਰਾਬ ਹੋਈ ਹੈ। ਇਸੇ ਤਰ੍ਹਾਂ ਤਰਨਤਾਰਨ ’ਚ 18,920 ਏਕੜ, ਫਿਰੋਜ਼ਪੁਰ ਜਿਲ੍ਹੇ ’ਚ 10,799 ਏਕੜ, ਮੋਗਾ ਜਿਲ੍ਹੇ ’ਚ 5600 ਏਕੜ, ਅੰਮ੍ਰਿਤਸਰ ’ਚ 820 ਏਕੜ ਅਤੇ ਹੁਸ਼ਿਆਰਪੁਰ ਜ਼ਿਲ੍ਹੇ ’ਚ 988 ਏਕੜ ਫ਼ਸਲ ਪਾਣੀ ’ਚ ਡੁੱਬੀ ਹੈ। ਮੌਜੂਦਾ ਹੜ੍ਹਾਂ ਕਾਰਨ ਏਨੀ ਜ਼ਿਆਦਾ ਤਬਾਹੀ ਹੋਈ ਹੈ ਕਿ ਲੋਕਾਂ ਨੂੰ ਪੈਰਾਂ ਸਿਰ ਹੋਣ ਲਈ ਲੰਮਾਂ ਸਮਾਂ ਲੱਗੇਗਾ ਅਤੇ ਵੱਡੀਆਂ ਔਕੜਾਂ ਵਿਚੋਂ ਦੀ ਲੰਘਣਾ ਪਵੇਗਾ। ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਹੈ ਕਿ ਪ੍ਰਭਾਵਿਤ ਫ਼ਸਲਾਂ ਦੀ ਥਾਂ ’ਤੇ ਮੁੜ ਤੋਂ ਫ਼ਸਲ ਦੀ ਬਿਜਾਈ ਕਰਨੀ ਪਵੇਗੀ ਜੋ ਉਨ੍ਹਾਂ ਦੇ ਲਾਗਤ ਖ਼ਰਚਿਆਂ ’ਚ ਵਾਧਾ ਕਰੇਗੀ ਅਤੇ ਕਰਜਿਆਂ ’ਚ ਫਸੀ ਕਿਸਾਨੀ ਨੂੰ ਵੱਡੀ ਆਰਥਿਕ ਸੱਟ ਮਾਰੇਗੀ।
ਜਾਣਕਾਰੀ ਅਨੁਸਾਰ ਐਤਕੀਂ ਡੈਮਾਂ ਚੋਂ ਬਿਆਸ ਤੇ ਸਤਲੁਜ ਦਰਿਆ ’ਚ ਪਾਣੀ ਛੱਡਣ ਕਾਰਨ ਆਏ ਹੜ੍ਹਾਂ ਨੇ ਅੱਧੀ ਦਰਜਨ ਤੋਂ ਵੱਧ ਜਿਲ੍ਹਿਆਂ ਵਿੱਚ ਡੇਢ ਸੌ ਤੋਂ ਜਿਆਦਾ ਪਿੰਡਾਂ ਬੁਰੀ ਤਰ੍ਹਾਂ ਝੰਬੇ ਹਨ ਜਦੋਂਕਿ ਮੰਡ ਇਲਾਕਾ ਤਾਂ ਅਜਿਹਾ ਹੈ ਜਿੱਥੋਂ ਦੇ ਲੋਕ ਆਪਣੇ ਘਰ ਬਾਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਮਜਬੂਰ ਹੋਗਏ ਹਨ। ਇਸ ਤੋਂ ਪਹਿਲਾਂ 2023 ਵਿੱਚ ਅਜਿਹੀ ਸਥਿਤੀ ਬਣੀ ਸੀ ਜਦੋਂ ਪੰਜਾਬ ’ਚ ਅਚਾਨਕ ਆਏ ਹੜ੍ਹਾਂ ਕਾਰਨ ਡੇਢ ਦਰਜਨ ਤੋਂ ਵੱਧ ਜਿਲ੍ਹਿਆਂ ਨੂੰ ਬੇਲਗਾਮ ਹੋਏ ਪਾਣੀ ਦਾ ਸੰਤਾਪ ਹੰਢਾਉਣਾ ਪਿਆ ਸੀ। ਇਸ ਮੌਕੇ ਪਟਿਆਲਾ ਅਤੇ ਮਾਨਸਾ ਜਿਲ੍ਹੇ ਤੋਂ ਇਲਾਵਾ ਹੋਰ ਕਈ ਥਾਵਾਂ ਤੇ ਘੱਗਰ ਨਦੀ ਵਿੱਚ ਇਕੱਠੇ ਹੋਏ ਪਾਣੀ ਨੇ ਭਾਰੀ ਤਬਾਹੀ ਮਚਾਈ ਸੀ। ਘੱਗਰ ਪੰਜਾਬ ਤੇ ਹਰਿਆਣਾ ਦੇ ਕਰੀਬ ਅੱਠ ਲੋਕ ਸਭਾ ਤੇ 15 ਤੋਂ 20 ਵਿਧਾਨ ਸਭਾ ਹਲਕਿਆਂ ਵਿਚਦੀ ਲੰਘਦਾ ਹੋਇਆ ਹਾਹਾਕਾਰ ਮਚਾਉਂਦਾ ਆ ਰਿਹਾ ਹੈ।
ਘੱਗਰ ਦੇ ਮਾਮਲੇ ’ਚ ਗੱਲ ਬੇਸ਼ੱਕ ਪੁਰਾਣੀ ਹੈ ਜੋ ਵਿਧਾਨ ਸਭਾ ਚੋਣਾਂ ਸਮੇਂ ਸਾਬਕਾ ਮੰਤਰੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕਾਂ ਨੂੰ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ‘ਤੁਸੀਂ ਪੰਜਾਬ ’ਚੋਂ ਕਾਂਗਰਸ ਚੁੱਕ ਦਿਓ, ਮੈਂ ਘੱਗਰ ਚੁੱਕ ਦਿਆਂਗਾ। ਉਸ ਮਗਰੋਂ ਦੋ ਵਾਰ ਅਕਾਲੀ ਸਰਕਾਰ ਬਣੀ ਪਰ ਘੱਗਰ ਤਬਾਹੀ ਮਚਾਉਣੋ ਨਹੀਂ ਹਟਾਇਆ ਜਾ ਸਕਿਆ ਹੈ । ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਵੀ ਕਹਿੰਦੇ ਹਨ ਕਿ ਉਨ੍ਹਾਂ ਘੱਗਰ ਤੋਂ ਬਚਾਅ ਲਈ ਵੱਡੇ ਕੰਮ ਕੀਤੇ ਹਨ ਪਰ ਘੱਗਰ 2023 ਦੌਰਾਨ ਲੋਕਾਂ ਦੀ ਜ਼ਿੰਦਗੀ ਨਰਕ ਬਣਾਕੇ ਹਟਿਆ ਅਤੇ ਹੁਣ ਵੀ ਸਿਰ ’ਤੇ ਤਲਵਾਰ ਜਿਓਂ ਦੀ ਤਿਓਂ ਲਟਕ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਜਦੋਂ ਘੱਗਰ ਦਾ ਜਾਇਜਾ ਲੈਣ ਲਈ ਮੂਣਕ ਕੋਲ ਗਏ ਸਨ ਤਾਂ ਮਹਿਕਮੇ ਨੇ ਜੇਸੀਬੀ ਮਸ਼ੀਨਾਂ ਅਤੇ ਟਰਾਲੀਆਂ ਚਲਾ ਦਿੱਤੀਆਂ ਸਨ ਪਰ ਮੁੱਖ ਮੰਤਰੀ ਦੇ ਜਾਂਦਿਆਂ ਸਾਰ ਮਹਿਕਮਾ ਪੁਰਾਣੇ ਰੌਂਅ ’ਚ ਆ ਗਿਆ।
ਏਦਾਂ ਹੀ 2019 ’ਚ ਸਤਲੁਜ ਦਰਿਆ ਨਾਲ ਲੱਗਦੇ ਇਲਾਕਿਆਂ ’ਚ ਹੜ੍ਹ ਆਇਆ ਤਾਂ ਕਰਜੇ ਵਿੱਚ ਡੁੱਬੀ ਕਿਸਾਨੀ ਨੂੰ ਵੱਡੀ ਮਾਰ ਪਈ ਸੀ । ਸਥਿਤੀ ਇਹ ਸੀ ਕਿ ਖਾਣ ਪੀਣ ਦਾ ਸਮਾਨ ਹੈਲੀਕਾਪਟਰਾਂ ਤੇ ਕਿਸ਼ਤੀਆਂ ਰਾਹੀਂ ਪਹੁੰਚਾਉਣਾ ਪਿਆ ਸੀ। ਮਹੱਤਵਪੂਰਨ ਤੱਥ ਹੈ ਕਿ ਸਤਲੁਜ, ਬਿਆਸ , ਰਾਵੀ, ਘੱਗਰ ਤੇ ਪਟਿਆਲਾ ਨਦੀ ਨੇੜੇ ਵੱਸਦੇ ਲੋਕ ਹਰ ਸਾਲ ਪਾਣੀ ਦਾ ਸੰਤਾਪ ਭੋਗਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਬਰਸਾਤੀ ਪਾਣੀ ਰੋਕਿਆ ਨਹੀਂ ਜਾ ਸਕਦਾ ਪਰ ਹੜ੍ਹਾਂ ਤੋਂ ਬਚਾਉਣ ਲਈ ਉਪਾਅ ਤਾਂ ਕੀਤੇ ਜਾ ਸਕਦੇ ਹਨ ਪਰ ਸਰਕਾਰਾਂ ਨੇ ਪੁਰਾਣੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ। ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਹੜ੍ਹਾਂ ਦੀ ਸਭ ਤੋਂ ਵੱਧ ਮਾਰ ਗਰੀਬਾਂ ਨੂੰ ਪੈਂਦੀ ਹੈ ਜਿੰਨ੍ਹਾਂ ਕੋਲ ਬੈਠਕੇ ਖਾਣ ਜਿੰਨੀਂ ਪੂੰਜੀ ਨਹੀਂ ਹੁੰਦੀ ਅਤੇ ਉੱਪਰੋਂ ਮਜ਼ਦੂਰੀ ਮਿਲਣੀ ਬੰਦ ਹੋ ਜਾਂਦੀ ਹੈ। Ê
ਮੌਤਾਂ ਅਤੇ ਪ੍ਰੇਸ਼ਾਨੀਆਂ ਦਾ ਸਬੱਬਹੜ੍ਹਾਂ ਕਾਰਨ ਵੱਡੀ ਮਾਰ ਪਸ਼ੂ ਧਨ ਨੂੰ ਵੀ ਪੈਂਦੀ ਹੈ ਜੋ ਅਕਸਰ ਮੌਤ ਦੇ ਮੂੰਹ ਚਲੇ ਜਾਂਦੇ ਹਨ ਜਦੋਂਕਿ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਜਹਾਨੋਂ ਜਾਂਦੀਆਂ ਵੱਖਰੀਆਂ ਹਨ। ਇਸ ਤੋਂ ਬਿਨਾਂ ਲੋਕਾਂ ਨੂੰ ਪਾਣੀ ਕਾਰਨ ਲੱਗੀਆਂ ਬਿਮਾਰੀਆਂ ਸਿਹਤ ਅਤੇ ਆਰਥਿਕਤਾ ਨੂੰ ਰਗੜਾ ਲਾਉਂਦੀਆਂ ਹਨ। ਵੱਡੀ ਗੱਲ ਹੈ ਕਿ ਲੋਕਾਂ ਨੂੰ ਖਰਾਬੇ ਦਾ ਮੁਆਵਜ਼ਾ ਹਾਸਲ ਕਰਨ ਲਈ ਸਰਕਾਰਾਂ ਨਾਲ ਮੱਥਾ ਵੀ ਲਾਉਣਾ ਪੈਂਦਾ ਹੈ ਜੋ ਕਈ ਵਾਰ ਮਿਲਦਾ ਵੀ ਨਹੀਂ ਹੈ।