ਜਲੰਧਰ, 25 ਅਗਸਤ : ਨੀਤੀ ਆਯੋਗ ਵੱਲੋਂ ਸ਼ੁਰੂ ਕੀਤੇ ਐਸਪੀਰੇਸ਼ਨਲ ਬਲਾਕਸ ਪ੍ਰੋਗਰਾਮ ਤਹਿਤ ਬਲਾਕ ਸ਼ਾਹਕੋਟ ਦਾ ਸੰਪੂਰਨਤਾ ਅਭਿਆਨ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬਲਾਕ ਸ਼ਾਹਕੋਟ ਨੂੰ ਇਸ ਵੱਕਾਰੀ ਪ੍ਰੋਗਰਾਮ ਤਹਿਤ ਦੇਸ਼ (ਜ਼ੋਨ II) ’ਚ ਅੱਵਲ ਨੰਬਰ ’ਤੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ।
ਸਥਾਨਕ ਰੈੱਡ ਕਰਾਸ ਭਵਨ ਵਿਖੇ ਕਰਵਾਏ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੀਤੀ ਆਯੋਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਨੂੰ ਵੱਖ-ਵੱਖ ਖਾਸ ਖੇਤਰਾਂ ਵਿੱਚ ਅੱਗੇ ਲਿਜਾਣ ਲਈ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਚਲਾਇਆ ਗਿਆ ਸੀ, ਜਿਸ ਤਹਿਤ ਬਲਾਕ ਸ਼ਾਹਕੋਟ ਨੂੰ ਐਸਪੀਰੇਸ਼ਨਲ ਬਲਾਕ ਘੋਸ਼ਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਿਰੰਤਰ ਅਗਵਾਈ ਅਤੇ ਸਹਿਯੋਗ ਸਦਕਾ ਇਸ ਪ੍ਰੋਗਰਾਮ ਤਹਿਤ ਬਲਾਕ ਵਿੱਚ ਸਿਹਤ, ਪੋਸ਼ਣ, ਖੇਤੀਬਾੜੀ, ਸਿੱਖਿਆ, ਬੁਨਿਆਦੀ ਢਾਂਚਾ ਤੇ ਸਮਾਜਿਕ ਵਿਕਾਸ ਖੇਤਰਾਂ ਵਿੱਚ ਦਿੱਤੇ ਗਏ 39 ਅਹਿਮ ਇੰਡੀਕੇਟਰਸ ਨੂੰ ਪ੍ਰਾਪਤ ਕਰਨ ਲਈ ਮਹੱਤਵਪੂਰਣ ਕਦਮ ਚੁੱਕੇ ਗਏ।
ਡਾ. ਅਗਰਵਾਲ ਨੇ ਇਸ ਪ੍ਰਾਪਤੀ ਲਈ ਅਧਿਕਾਰੀਆਂ/ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਬਲਾਕ ਸ਼ਾਹਕੋਟ ਨੂੰ ਵਿਕਸਿਤ ਬਲਾਕਾਂ ਦੀ ਸ਼੍ਰੇਣੀ ਵਿੱਚ ਲਿਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਫ਼ਲਤਾ ਦੀ ਇਹ ਕਹਾਣੀ ਇਥੇ ਹੀ ਰੁਕਣੀ ਨਹੀਂ ਚਾਹੀਦੀ ਸਗੋਂ ਹੋਰਨਾਂ ਬਲਾਕਾਂ ਵਿੱਚ ਵੀ ਪਹੁੰਚਣੀ ਚਾਹੀਦੀ ਹੈ।
ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮ. ਸ਼ਾਹਕੋਟ ਸ਼ੁਭੀ ਆਂਗਰਾ, ਸਿਵਲ ਸਰਜਨ ਡਾ. ਗੁਰਮੀਤ ਲਾਲ, ਮੁੱਖ ਖੇਤੀਬਾੜੀ ਅਫ਼ਸਰ ਰਣਧੀਰ ਸਿੰਘ ਠਾਕੁਰ, ਡਿਪਟੀ ਈ.ਐਸ.ਏ. ਅਰੁਣ ਕੁਮਾਰ ਮਹਾਜਨ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਐਸ.ਐਮ.ਓ. ਡਾ. ਦੀਪਕ ਚੰਦਰ, ਸਟੇਟ ਨੋਡਲ ਅਫ਼ਸਰ ਨੀਤੀ ਆਯੋਗ ਆਰੂਸ਼ੀ ਸ਼ਰਮਾ, ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਰਾਜਵਿੰਦਰ ਕੌਰ, ਬਲਾਕ ਪ੍ਰਾਜੈਕਟ ਮੈਨੇਜਰ ਗੁਰਜੰਟ ਸਿੰਘ ਤੇ ਖੇਤੀਬਾੜੀ ਵਿਭਾਗ ਤੋਂ ਜਸਬੀਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਫਰੰਟ ਲਾਈਨ ਵਰਕਰਾਂ ਜਿਵੇ ਆਂਗਣਵਾੜੀ ਵਰਕਰਾਂ, ਸਟਾਫ਼ ਨਰਸਾਂ, ਆਸ਼ਾ ਵਰਕਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਅਤੇ ਐਸ.ਡੀ.ਐਮ. ਆਦਮਪੁਰ ਵਿਵੇਕ ਕੁਮਾਰ ਮੋਦੀ (ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ, ਦਿਹਾਤੀ ਵਿਕਾਸ), ਸਹਾਇਕ ਕਮਿਸ਼ਨਰ (ਯੂ.ਟੀ.) ਮੁਕਿਲਨ ਆਰ ਅਤੇ ਸਕੱਤਰ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।