ਜਲੰਧਰ, 19 ਅਗਸਤ : ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਖਾਦਾਂ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਖਾਦਾਂ ਦੀ ਢੁੱਕਵੀਂ ਵੰਡ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।
ਡਾ. ਅਗਰਵਾਲ ਨੇ ਕਿਹਾ ਕਿ ਡੀਲਰ ਕਿਸਾਨਾਂ ਨੂੰ ਖਾਦਾਂ ਦੀ ਵਿਕਰੀ ਨਿਰਧਾਰਤ ਕੀਮਤ ਅਨੁਸਾਰ ਅਤੇ ਬਿਨ੍ਹਾਂ ਕਿਸੇ ਟੈਗਿੰਗ ਦੇ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਡੀਲਰ ਖਾਦਾਂ ਦੀ ਕਾਲਾਬਾਜ਼ਾਰੀ ਕਰਦਾ ਪਾਇਆ ਗਿਆ, ਤਾਂ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਓਧਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਖਾਦਾਂ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਸਬੰਧੀ ਜਾਰੀ ਹਦਾਇਤਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਧੀਰ ਸਿੰਘ ਠਾਕੁਰ ਵੱਲੋਂ ਅੱਜ ਖਾਦਾਂ ਦੇ ਹੋਲਸੇਲ ਡੀਲਰਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਨੇ ਡੀਲਰਾਂ ਪਾਸੋਂ ਖਾਦਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਦੀ ਲੋੜ ਅਨੁਸਾਰ ਖਾਦਾਂ ਦੀ ਢੁੱਕਵੀਂ ਵੰਡ ਯਕੀਨੀ ਬਣਾਈ ਜਾਵੇ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਖਾਦਾਂ ਦੀ ਵਿਕਰੀ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਫ਼ਸਲਾਂ ਨੂੰ ਲੋੜ ਤੋਂ ਵੱਧ ਖਾਦਾਂ ਨਾ ਪਾਈਆਂ ਜਾਣ। ਉਨ੍ਹਾਂ ਫ਼ਸਲਾਂ ਦੀ ਬਿਜਾਈ ਲਈ ਡੀ.ਏ.ਪੀ. ਦੇ ਬਦਲਾਂ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ।
ਮੀਟਿੰਗ ਵਿੱਚ ਖੇਤੀਬਾੜੀ ਅਫ਼ਸਰ ਡਾ. ਜਸਵੀਰ ਸਿੰਘ, ਏ.ਪੀ.ਪੀ.ਓ. ਡਾ. ਸੁਰਜੀਤ ਸਿੰਘ, ਏ.ਡੀ.ਓ. ਡਾ. ਅਮਰੀਕ ਸਿੰਘ ਤੋਂ ਇਲਾਵਾ ਲਗਭਗ 25 ਡੀਲਰ ਮੌਜੂਦ ਸਨ।