ਖੰਨਾ, (ਲੁਧਿਆਣਾ) 6 ਅਗਸਤ: ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਉੱਪਰ ਹੋਈਆਂ ਮਿਸਾਲੀ ਕਾਰਵਾਈਆਂ ਨੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜ ਦਿੱਤਾ ਹੈ ਅਤੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ‘ਚ ਪਹੁੰਚਾ ਦਿੱਤਾ ਹੈ। ਕੈਬਨਿਟ ਮੰਤਰੀ ਸੌਂਦ ਅੱਜ ਨਸ਼ਾ ਮੁਕਤੀ ਯਾਤਰਾ ਤਹਿਤ ਖੰਨਾ ਸ਼ਹਿਰ ਦੇ ਵਾਰਡ ਨੰਬਰ 3,4,5,6,7,11,28,30 ਤੇ 31 ਦੇ ਵਸਨੀਕਾਂ ਨੂੰ ਨਸ਼ਿਆਂ ਦੇ ਖਾਤਮੇ ਦੀ ਇਸ ਲੜਾਈ ‘ਚ ਲਾਮਬੰਦ ਕਰਨ ਪੁੱਜੇ ਹੋਏ ਸਨ। ਵਾਰਡ ਵਾਸੀਆਂ ਨੂੰ ਨਸ਼ਿਆਂ ਖਿਲਾਫ਼ ਇੱਕਜੁਟ ਹੋਣ ਦਾ ਹਲਫ਼ ਦਿਵਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਲੋਕ ਲਹਿਰ ਬਣ ਗਈ ਹੈ ਅਤੇ ਹੁਣ ਜਲਦੀ ਹੀ ਪੰਜਾਬ ਵਿਚੋਂ ਨਸ਼ਿਆਂ ਦਾ ਸਫਾਇਆ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਸਿਆਸੀ ਜਾਂ ਹੋਰ ਕੋਈ ਸਹਿਯੋਗ ਨਹੀਂ ਮਿਲ ਰਿਹਾ ਤੇ ਹੁਣ ਪਿੰਡਾਂ ਤੇ ਵਾਰਡਾਂ ਦੇ ਮੋਹਤਬਰ ਵਿਅਕਤੀ ਅਜਿਹੇ ਤਸਕਰਾਂ ਦੀ ਜ਼ਮਾਨਤ ਵੀ ਨਹੀਂ ਕਰਵਾਉਂਦੇ, ਜਿਸ ਸਦਕਾ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਆਪਣਾ ਕਾਰੋਬਾਰ ਬੰਦ ਕਰਕੇ ਸੂਬਾ ਛੱਡਕੇ ਜਾਣ ਲੱਗੇ ਹਨ।
ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ‘ਚ ਸ਼ਾਮਲ ਕਰਨ ਲਈ ਵੀ ਵੱਡੇ ਪੱਧਰ ‘ਤੇ ਉਪਰਾਲੇ ਕਰ ਰਹੀ ਹੈ, ਜਿਸ ਤਹਿਤ ਨਸ਼ਾ ਪੀੜਤਾਂ ਦਾ ਸਹੀ ਇਲਾਜ ਕਰ ਕੇ ਕਿਸੇ ਕੰਮ ਦੀ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਸਬੰਧੀ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਨ੍ਹਾਂ ਦੇ ਵਾਰਡ ‘ਚ ਕੋਈ ਨਸ਼ਾ ਵੇਚਣ ਆਉਂਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਜਾਂ ਫੇਰ ਵਾਰਡ ਡਿਫੈਂਸ ਕਮੇਟੀ ਨਾਲ ਸਾਂਝੀ ਕੀਤੀ ਜਾਵੇ ਅਤੇ ਨਸ਼ਾ ਕਰਨ ਵਾਲੇ ਨੂੰ ਇਲਾਜ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਲੜਾਈ ਨੂੰ ਜਿੱਤਣ ਲਈ ਹਰੇਕ ਪੰਜਾਬੀ ਦਾ ਸਹਿਯੋਗ ਜ਼ਰੂਰੀ ਹੈ।ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੀਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦੇ ਮੱਥੇ ਤੋਂ ਨਸ਼ਿਆਂ ਦਾ ਕਲੰਕ ਲਾਹੁਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਵਰਗੀਆਂ ਮੁਹਿੰਮਾਂ ਚਲਾਉਣੀਆਂ ਪੈ ਰਹੀਆਂ ਹਨ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ, “ਜੇਕਰ ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰਾਂ ਨੂੰ ਨੱਥ ਪਾਈ ਹੁੰਦੀ ਤਾਂ ਸਾਨੂੰ ਅੱਜ ਇਹੋ ਜਿਹੇ ਸਮਾਗਮ ਕਰਵਾਉਣ ਦੀ ਲੋੜ ਨਹੀਂ ਸੀ।
ਸਰਕਾਰਾਂ ਤਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਕਾਸ ਕਰਨ ਲਈ ਵਿਕਾਸ ਕਮੇਟੀਆਂ ਦਾ ਗਠਨ ਕਰਦੀਆਂ ਹੁੰਦੀਆਂ ਹਨ ਪਰ ਸਾਨੂੰ ਮਜਬੂਰਨ ਡਿਫੈਂਸ ਕਮੇਟੀਆਂ ਬਣਾਉਣੀਆਂ ਪੈ ਰਹੀਆਂ ਹਨ। ਅਸੀਂ ਨਸ਼ਾ ਤਸਕਰਾਂ ਵਿਰੁੱਧ ਜੰਗ ਲੜ ਰਹੇ ਹਾਂ, ਰਵਾਇਤੀ ਪਾਰਟੀਆਂ ਪੁਸ਼ਤਪਨਾਹੀ ਕਰਦੀਆਂ ਸਨ।”ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ, ਕਾਰਜ ਸਾਧਕ ਅਫਸਰ ਚਰਨਜੀਤ ਸਿੰਘ, ਭੁਪਿੰਦਰ ਸਿੰਘ ਸੌਂਦ, ‘ਆਪ’ ਦੇ ਹਲਕਾ ਸਗੰਠਨ ਇੰਚਾਰਜ ਮਾਸਟਰ ਅਵਤਾਰ ਸਿੰਘ ਦਹਿੜੂ, ਨਸ਼ਾ ਮੁਕਤੀ ਮੋਰਚਾ ਹਲਕਾ ਖੰਨਾ ਦੇ ਕੋਆਰਡੀਨੇਟਰ ਅਤੇ ਕੌਂਸਲਰ ਪਰਮਪ੍ਰੀਤ ਸਿੰਘ, ਕੌਂਸਲਰ ਸੁਖਮਨਜੀਤ ਸਿੰਘ, ਕੌਂਸਲਰ ਸੁਨੀਲ ਕੁਮਾਰ ਨੀਟਾ, ਜਤਿੰਦਰ ਪਾਠਕ ਰਾਜਨ, ਨਿਸ਼ੂ ਕਪਿਲਾ, ਦੀਦਾਰ ਸਿੰਘ ਬੱਲ, ਓ.ਐਸ.ਡੀ ਕਰਨ ਅਰੋੜਾ, ਬਲਾਕ ਪ੍ਰਧਾਨ ਅਵਤਾਰ ਸਿੰਘ ਮਾਨ, ਸਾਬਕਾ ਕੌਂਸਲਰ ਰਜਿੰਦਰ ਜੀਤ ਸਿੰਘ, ਗੁਰਦੀਪ ਸਿੰਘ ਦੀਪਾ, ਕੀਮਤੀ ਲਾਲ, ਮਲਕੀਤ ਸਿੰਘ ਮੀਤਾ, ਰਜਿੰਦਰ ਪਾਲ ਕੌਰ ਲਿਬੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।