ਪਾਸਪੋਰਟ ਸੇਵਾ ਮੋਬਾਇਲ ਵੈਨ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਪਹੁੰਚੀ, ਮੌਕੇ ‘ਤੇ ਪ੍ਰਦਾਨ ਕਰੇਗੀ ਪਾਸਪੋਰਟ ਸੇਵਾਵਾਂ6 ਤੋਂ 8 ਅਗਸਤ ਤੱਕ ਵਿਦਿਆਰਥੀਆਂ, ਫੈਕਲਟੀ ਅਤੇ ਨੇੜਲੇ ਨਿਵਾਸੀਆਂ ਲਈ ਉਪਲਬਧ ਰਹੇਗੀ ਸਹੂਲਤ
ਜਲੰਧਰ, 5 ਅਗਸਤ : ਨਾਗਰਿਕਾਂ ਦੀ ਸਹੂਲਤ ਲਈ ਇਕ ਪਹਿਲਕਦਮੀ ਤਹਿਤ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵੱਲੋਂ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਆਪਣੀ ਪਾਸਪੋਰਟ ਸੇਵਾ ਆਰ.ਪੀ.ਓ. ਮੋਬਾਇਲ ਵੈਨ ਤਾਇਨਾਤ ਕੀਤੀ ਜਾ ਰਹੀ ਹੈ ਤਾਂ ਜੋ ਯੂਨੀਵਰਸਿਟੀ ਦੇ ਵਿਦਿਆਰਥੀਆਂ, ਫੈਕਲਟੀ ਅਤੇ ਨੇੜਲੇ ਖੇਤਰਾਂ ਦੇ ਨਿਵਾਸੀਆਂ ਲਈ ਪਾਸਪੋਰਟ ਬਿਨੈ ਸੇਵਾਵਾਂ ਨੂੰ ਸੁਚਾਰੂ ਬਣਾਇਆ ਜਾ ਸਕੇ।
ਖੇਤਰੀ ਪਾਸਪੋਰਟ ਅਧਿਕਾਰੀ ਸ਼੍ਰੀ ਯਸ਼ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਬਾਇਲ ਵੈਨ 6 ਤੋਂ 8 ਅਗਸਤ, 2025 ਤੱਕ ਯੂਨੀਵਰਸਿਟੀ ਕੈਂਪਸ ਦੇ ਐਂਟਰੀ ਗੇਟ ‘ਤੇ ਤਾਇਨਾਤ ਰਹੇਗੀ, ਜਿਸ ਨਾਲ ਨੇੜੇ ਰਹਿਣ ਵਾਲੇ ਲੋਕਾਂ ਨੂੰ ਪਾਸਪੋਰਟ ਦਫ਼ਤਰ ਜਾਣ ਤੋਂ ਬਿਨਾਂ ਹੀ ਪਾਸਪੋਰਟ ਨਾਲ ਸਬੰਧਤ ਸੇਵਾਵਾਂ ਪ੍ਰਾਪਤ ਕਰਨ ਵਿੱਚ ਸੁਵਿਧਾ ਹੋਵੇਗੀ। ਚਾਹਵਾਨ ਬਿਨੈਕਾਰ ਇਸ ਸਹੂਲਤ ਦਾ ਲਾਭ ਆਨਲਾਈਨ ਬਿਨੈ ਫਾਰਮ ਭਰ ਕੇ ਅਤੇ ਅਧਿਕਾਰਤ ਵੈੱਬਸਾਈਟ: www.passportindia.gov.in. ਰਾਹੀਂ ਅਪਾਇੰਟਮੈਂਟ ਬੁੱਕ ਕਰਕੇ ਲੈ ਸਕਦੇ ਹਨ।ਇਸ ਪਹਿਲ ਦਾ ਉਦੇਸ਼ ਪਾਸਪੋਰਟ ਸੇਵਾਵਾਂ ਨੂੰ ਲੋਕਾਂ ਖਾਸ ਕਰ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਪਹੁੰਚ ਨੇੜੇ ਲਿਆਉਣਾ ਹੈ, ਜਿਨ੍ਹਾਂ ਨੂੰ ਪਾਸਪੋਰਟ ਦਫ਼ਤਰ ਤੱਕ ਆਉਣ-ਜਾਣਾ ਮੁਸ਼ਕਲ ਲੱਗਦਾ ਹੈ। ਮੋਬਾਇਲ ਵੈਨ ਮੌਕੇ ’ਤੇ ਅਰਜ਼ੀਆਂ ਸਵੀਕਾਰ ਕਰੇਗੀ ਅਤੇ ਦਸਤਾਵੇਜ਼ ਸਬੰਧੀ ਪ੍ਰਕਿਰਿਆ ਨੂੰ ਸਰਲ ਬਣਾਏਗੀ।