ਲੁਧਿਆਣਾ, 04 ਅਗਸਤ (000) – ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਖਵਾਜਕੇ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ (ਪੰਜਾਬ) ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਧੀਨ ਨਵੇਂ ਬਣੇ ਖੇਡ ਗਰਾਊਂਡ ਦਾ ਉਦਘਾਟਨ ਪਿੰਡ ਵਾਸੀਆਂ ਦੇ ਨਾਲ ਕੀਤਾ ਗਿਆ।ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ ਸੋਚ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਭ ਤੋਂ ਵਧੀਆ ਸਾਧਨ ਹਨ, ਜਿਸ ਰਾਹੀਂ ਨੌਜਵਾਨ ਨਾ ਸਿਰਫ਼ ਤੰਦਰੁਸਤ ਰਹਿ ਸਕਦੇ ਹਨ, ਸਗੋਂ ਨਸ਼ਿਆਂ ਦੇ ਕੋਹੜ ਤੋਂ ਵੀ ਬਚ ਸਕਦੇ ਹਨ।ਉਨ੍ਹਾਂ ਕਿਹਾ ਕਿ ਸਾਡੇ ਵਿਧਾਨ ਸਭਾ ਹਲਕੇ ਦੇ ਵਿੱਚ ਕਈ ਸਰਕਾਰਾਂ ਦੇ ਵੱਡੇ-ਵੱਡੇ ਨੁਮਾਇੰਦੇ ਚੁਣੇ ਗਏ ਪਰ ਉਨ੍ਹਾਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਨਹੀਂ ਜੋੜਿਆ ਜੋਕਿ ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਰਹੀ ਹੈ।
ਉਹਨਾਂ ਕਿਹਾ ਕਿ ਇਸ ਮੈਦਾਨ ਦੇ ਨਿਰਮਾਣ ਨਾਲ ਜਿੱਥੇ ਇਲਾਕੇ ਦੇ ਖਿਡਾਰੀਆਂ ਨੂੰ ਖੇਡ ਸਹੂਲਤਾਂ ਮਿਲਣਗੀਆਂ ਉੱਥੇ ਉਨਾਂ ਦੀ ਹੁਣ ਕੋਸ਼ਿਸ਼ ਰਹੇਗੀ ਕਿ ਖੇਡਾਂ ਵਤਨ ਪੰਜਾਬ ਦੀਆਂ – 2025 ਤਹਿਤ ਕੁਝ ਮੁਕਾਬਲੇ ਇਸ ਖੇਡ ਮੈਦਾਨ ਵਿੱਚ ਵੀ ਕਰਵਾਏ ਜਾਣ। ਉਹਨਾਂ ਕਿਹਾ ਕਿ ਉਹ ਪੂਰਨ ਤੌਰ ‘ਤੇ ਆਸਵੰਦ ਹਨ ਕਿ ਨੌਜਵਾਨ ਪੰਜਾਬ ਸਰਕਾਰ ਦੇ ਸੁਫਨੇ ‘ਰੰਗਲਾ ਪੰਜਾਬ’ ਦੀ ਸਿਰਜਣਾਂ ਵਿੱਚ ਅਹਿਮ ਰੋਲ ਅਦਾ ਕਰਨਗੇ ਜਿਸਦੇ ਤਹਿਤ ਨੌਜਵਾਨ ਨਸ਼ਿਆਂ ਤੋਂ ਕਿਨਾਰਾ ਕਰਦਿਆਂ ਵੱਧ ਤੋਂ ਵੱਧ ਖੇਡਾਂ ਨਾਲ ਜੁੜਕੇ ਪੰਜਾਬ ਦਾ ਨਾਂ ਰੋਸ਼ਨ ਕਰਨਗੇ।ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਪੰਧੇਰ, ਕੁਲਦੀਪ ਐਰੀ, ਸੰਗਠਨ ਇੰਚਾਰਜ ਤਜਿੰਦਰ ਸਿੰਘ, ਸੁਰਜੀਤ ਸਿੰਘ ਗਰਚਾ, ਲਾਲੀ ਹਰਾ, ਸਰਪੰਚ ਹਰਪਾਲ ਸਿੰਘ, ਜਗਸੀਰ ਸਿੰਘ ਸੋਨੀ, ਬੱਬੂ ਮੂੰਡੀਆਂ, ਪ੍ਰਿੰਸ ਸੈਣੀ ਤੇ ਪਿੰਡ ਵਾਸੀ ਵੀ ਮੌਜੂਦ ਸਨ।