ਜਲੰਧਰ, 24 ਜੁਲਾਈ : ਸੀ.ਆਈ.ਏ ਸਟਾਫ਼ ਕਮਿਸ਼ਨਰੇਟ ਜਲੰਧਰ ਦੀ ਟੀਮ ਨੇ ਐਡਵੋਕੇਟ ਸਿਮਰਨਜੀਤ ਸਿੰਘ ਉੱਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਵਾਲੇ ਵਿਅਕਤੀ ਨੂੰ 1 ਪਿਸਤੌਲ 32 ਬੋਰ ਸਮੇਤ 1 ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਜੁਲਾਈ ਨੂੰ ਸਿਮਰਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਜਿੰਮ ਆਫ ਗਰਿੱਡ ਤੋਂ ਕਰੀਬ 9:15 ਵਜੇ ਆਪਣੀ ਗੱਡੀ ਵਿੱਚ ਬੈਠ ਰਿਹਾ ਸੀ ਕਿ 2/3 ਅਣਪਛਾਤੇ ਵਿਅਕਤੀਆਂ ਨੇ ਉਸ ਉੱਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਸਿਮਰਨਜੀਤ ਸਿੰਘ ਨੇ ਮੌਕੇ ਤੋਂ ਭੱਜ ਕੇ ਜਿੰਮ ਅੰਦਰ ਜਾ ਕੇ ਆਪਣੀ ਜਾਨ ਬਚਾਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 2 ਜੁਲਾਈ ਨੂੰ ਸਿਮਰਨਜੀਤ ਸਿੰਘ ਵਾਸੀ ਆਦਰਸ਼ ਨਗਰ ਜਲੰਧਰ ਦੇ ਬਿਆਨ ’ਤੇ 3 ਦੋਸ਼ੀਆਂ ਖਿਲਾਫ਼ ਥਾਣਾ ਡਵੀਜ਼ਨ ਨੰਬਰ 6 ਜਲੰਧਰ ਵਿਖੇ ਮੁਕੱਦਮਾ ਨੰਬਰ 122 ਮਿਤੀ 02.07.2025 ਧਾਰਾ 109,62,61(2) ਬੀ.ਐੱਨ.ਐੱਸ, 25-54-59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ। ਮੁਕੱਦਮੇ ਦੀ ਤਫਤੀਸ਼ ਦੌਰਾਨ 23 ਜੁਲਾਈ ਨੂੰ ਸੀ.ਆਈ.ਏ ਸਟਾਫ਼ ਅਤੇ ਥਾਣਾ ਡਵੀਜ਼ਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀਆਂ ਟੀਮਾਂ ਵੱਲੋਂ ਖੂਫੀਆ ਸੋਰਸਾਂ ਅਤੇ ਤਕਨੀਕੀ ਸਹਾਇਤਾ ਨਾਲ ਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਗੜੁਪੜ ਥਾਣਾ ਔੜ ਜ਼ਿਲ੍ਹਾ ਐੱਸ.ਬੀ.ਐੱਸ ਨਗਰ (ਉਮਰ ਕਰੀਬ 27 ਸਾਲ) ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 1 ਪਿਸਤੌਲ 32 ਬੋਰ ਸਮੇਤ 1 ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


