ਖੰਨਾ, ਲੁਧਿਆਣਾ, 21 ਮਾਰਚ:ਖੰਨਾ ਪੁਲਿਸ ਪ੍ਰਸ਼ਾਸਨ ਵੱਲੋਂ ਏ.ਐਸ.ਕਾਲਜ ਵੂਮੈਨ ਖੰਨਾ ਵਿਖੇ ਦੂਜਾ “ਜ਼ਿਲਾ ਪੱਧਰੀ ਸਮਾਧਾਨ ਕੈਂਪ” ਲਗਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਸਮਾਧਾਨ ਕੈਂਪ ਦੀ ਅਗਵਾਈ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਵੱਲੋਂ ਖੁਦ ਕੀਤੀ ਗਈ। ਇਸ ਕੈਂਪ ਦੌਰਾਨ ਪੁਲਿਸ ਜ਼ਿਲ੍ਹਾ ਖੰਨਾ ਦੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਬਹੁਤ ਸਾਰੀਆਂ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਐਸ.ਐਸ.ਪੀ ਖੰਨਾ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਮਾਂਬੱਧ ਜਾਂਚ ਕਰਕੇ ਰਹਿੰਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਗਏ।ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਦੂਰਦਰਸ਼ੀ ਸੋਚ, ਸਖ਼ਤ ਨਿਗਰਾਨੀ ਅਤੇ ਮਨੁੱਖੀ ਪਹੁੰਚ ਨੇ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕੀਤਾ ਹੈ ਕਿ ਹੁਣ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਹੱਲ ਕੀਤਾ ਜਾਵੇਗਾ। ਇਹ ਪਹਿਲ ਭਵਿੱਖ ਵਿੱਚ ਹੋਰ ਜ਼ਿਲ੍ਹਿਆਂ ਲਈ ਵੀ ਇੱਕ ਮਿਸਾਲ ਸਾਬਤ ਹੋ ਸਕਦੀ ਹੈ। ਕੁੱਲ ਮਿਲਾ ਕੇ, ਜ਼ਿਲ੍ਹਾ ਪੱਧਰੀ ਸਮਾਧਾਨ ਕੈਂਪ ਖੰਨਾ ਪੁਲਿਸ ਲਈ ਇੱਕ ਨਵੀਂ ਪਛਾਣ ਬਣ ਰਹੀ ਹੈ। ਪੁਲਿਸ ਸਮਾਧਾਨ ਕੈਂਪ ਰਾਹੀਂ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਸਾਫ਼ ਸੰਦੇਸ਼ ਦਿੱਤਾ ਹੈ ਕਿ ਖੰਨਾ ਪੁਲਿਸ ਜਨਤਾ ਦੇ ਨਾਲ ਖੜੀ ਹੈ ਅਤੇ ਹਰ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਪਹਿਲ ਨਾ ਸਿਰਫ਼ ਲੰਬਿਤ ਸ਼ਿਕਾਇਤਾਂ ਦਾ ਹੱਲ ਕਰ ਰਹੀ ਹੈ ਸਗੋਂ ਪੁਲਿਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਵਧਾ ਰਹੀ ਹੈ।ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਪੁਲਿਸ ਸਟੇਸ਼ਨਾਂ ਅਤੇ ਸਬ-ਡਿਵੀਜ਼ਨ ਪੱਧਰ ‘ਤੇ ‘ਸਮਾਧਾਨ ਕੈਂਪ’ ਲਗਾਤਾਰ ਲੱਗਦੇ ਰਹਿੰਦੇ ਹਨ। ਪਰ ਅੱਜ “ਜ਼ਿਲਾ ਪੱਧਰੀ ਸਮਾਧਾਨ ਕੈਂਪ” ਲਗਾਇਆ ਗਿਆ ਹੈ। ਇਸ ਕੈਂਪ ਵਿੱਚ ਲੋਕਾਂ ਨਾਲ ਸਿੱਧਾ ਰਾਬਤਾ (ਸੰਪਰਕ) ਹੁੰਦਾ ਹੈ। ਪੁਲਿਸ ਅਧਿਕਾਰੀ ਅਤੇ ਕਰਮਚਾਰੀ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ, ਕਾਨੂੰਨ ਅਨੁਸਾਰ ਕਾਰਵਾਈ ਕਰਕੇ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹਨ। ਇਸ ਕੈਂਪ ਦੇ ਕਈ ਫਾਇਦੇ ਵੀ ਹੁੰਦੇ ਹਨ ਜਿਸ ਵਿੱਚ ਇੱਕੋ ਪਲੇਟਫਾਰਮ ‘ਤੇ ਦੋਨੋਂ ਪਾਰਟੀਆਂ ਦੀ ਸੁਣਵਾਈ ਹੁੰਦੀ ਹੈ। ਜਿਸ ਨਾਲ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਸਾਹਮਣੇ ਆਉਂਦੀ ਹੈ। ਦਰਖਾਸਤਕਾਰ ਨੂੰ ਵੱਖ-ਵੱਖ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ। ਇੱਕੋ ਪਲੇਟਫਾਰਮ ‘ਤੇ ਸੰਬੰਧਿਤ ਸਮੱਸਿਆ/ਸ਼ਿਕਾਇਤ ਦਾ ਨਿਪਟਾਰਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਸਾਰੇ ਸੁਪਰਵਾਇਜ਼ਰੀ ਅਫਸਰ, ਐਸ.ਐਚ.ਓ, ਚੌਂਕੀ ਇੰਚਾਰਜ ਅਤੇ ਤਫਤੀਸ਼ੀ ਅਫਸਰ ਇਕੱਠੇ ਬੈਠ ਕੇ ਸ਼ਿਕਾਇਤਾਂ ਦੀ ਸੁਣਵਾਈ ਕਰਦੇ ਹਨ। ਸੁਪਰਵਾਇਜ਼ਰੀ ਅਫਸਰਾਂ ਵੱਲੋਂ ਦਿੱਤੇ ਜਰੂਰੀ ਦਿਸ਼ਾ-ਨਿਰਦੇਸ਼ ਅਤੇ ਹਦਾਇਤਾਂ ਮੌਕੇ ‘ਤੇ ਹੀ ਲਾਗੂ ਕਰਨੀਆਂ ਯਕੀਨੀ ਬਣਾਈਆ ਜਾਂਦੀਆਂ ਹਨ। ਸੋ ਖੰਨਾ ਪੁਲਿਸ ਦਾ ਇਹ ਉਪਰਾਲਾ ਕਾਫੀ ਲਾਭਦਾਇਕ ਰਿਹਾ ਹੈ। ਇਸ ਲਈ ਅਸੀਂ ਇਹ ਕੈਂਪ ਲਗਾਤਾਰ ਲਗਾਉਂਦੇ ਰਹਾਂਗੇ।
Trending
- ਜ਼ਿਲ੍ਹਾ ਪੱਧਰ ’ਤੇ ਪੋਸ਼ਣ ਮਾਹ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ
- ਡੇਅਰੀ ਵਿਕਾਸ ਵਿਭਾਗ ਨੇ ਦੁੱਧ ਉਤਪਾਦਕਾਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਕਰਵਾਇਆ ਜਾਣੂੰ
- ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਹਰਦੀਪ ਗਿੱਲ ਨੇ ਕੀਤੀ ਸਮੀਖਿਆ ਮੀਟਿੰਗ
- ਚੇਅਰਮੈਨ ਗਿੱਲ ਵੱਲੋਂ ਪਿੰਡ ਜਾਂਗਪੁਰ ’ਚ ਹਾਈਟੈਕ ਸਪੋਰਟਸ ਪਾਰਕ ਦਾ ਦੌਰਾ
- ਲੁਧਿਆਣਾ ਵਿੱਚ ਜਨਗਣਨਾ ਗਣਨਾ ਦੇ ਪੜਾਅ-II ਲਈ ਫੀਲਡ ਟ੍ਰੇਨਰਾਂ ਦੀ ਸਿਖਲਾਈ ਸ਼ੁਰੂ
- ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੇਂਦਰੀ, ਬੋਰਸਟਲ ਤੇ ਜਨਾਨਾ ਜੇਲ੍ਹ ਦਾ ਦੌਰਾ
- ਪੰਜਾਬ ਸਰਕਾਰ ਵੱਲੋਂ ਉਦਯੋਗ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਨਾਮੀ ਕੰਪਨੀਆਂ ਨਾਲ ਨਿਰੰਤਰ ਕੀਤਾ ਜਾ ਰਿਹਾ ਰਾਬਤਾ – ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
- ਵਿਗਿਆਨਕ ਅਤੇ ਟਿਕਾਊ ਪਸ਼ੂ ਪਾਲਣ ਤਕਨੀਕਾਂ ਅਪਣਾਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਹੋਵੇਗਾ ਵਾਧਾ: ਹਰਪ੍ਰੀਤ ਸੰਧੂ*


