ਚੰਡੀਗੜ੍ਹ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਹਰੇਕ ਜ਼ਿਲ੍ਹੇ ਦੇ ਘੱਟੋ-ਘੱਟ ਦੋ ਮੈਡੀਕਲ ਅਫਸਰਾਂ ਨੂੰ ਪ੍ਰਮੁੱਖ ਸੰਸਥਾਵਾਂ ਵਿਚ ਐਡਵਾਂਸਡ ਕ੍ਰਿਟੀਕਲ ਕੇਅਰ ਸਿਖਲਾਈ ਦੇਣ ਦੀ ਯੋਜਨਾ ਨੂੰ ਹਰੀ ਝੰਡੀ ਦਿੱਤੀ ਹੈ ਤਾਂ ਜੋ ਡਾਕਟਰਾਂ ਨੂੰ ਆਈਸੀਯੂ ਅਤੇ ਟਰੌਮਾ ਕੇਸਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਲਈ ਢੁਕਵੀਂ ਮੁਹਾਰਤ ਨਾਲ ਲੈਸ ਕੀਤਾ ਜਾ ਸਕੇ।

ਬੁੱਧਵਾਰ ਨੂੰ ਮੈਡੀਕਲ ਅਫਸਰਾਂ ਲਈ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਅਤੇ ਐੱਮਐੱਲਆਰ/ਪੀਐੱਮਆਰ ’ਤੇ ਦੋ-ਰੋਜ਼ਾ ਟ੍ਰੇਨਿੰਗ ਆਫ਼ ਟ੍ਰੇਨਰਜ਼ (ਟੀਓਟੀ) ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪਹਿਲ ਐਮਰਜੈਂਸੀ ਦੇਖਭਾਲ ਸੇਵਾਵਾਂ ਵਿਚਲੇ ਪਾੜੇ ਨੂੰ ਪੂਰਦਿਆਂ ‘ਗੋਲਡਨ ਆਵਰ’ ਸ਼ੁਰੂਆਤੀ ਘੰਟੇ, ਜੋ ਮਰੀਜ਼ਾਂ ਦੀ ਬਚਾਅ ਦਰ ਨਿਰਧਾਰਤ ਕਰਦੇ ਹਨ, ਦੌਰਾਨ ਤੁਰੰਤ ਤੇ ਸਮੇਂ ਸਿਰ ਇਲਾਜ ਯਕੀਨੀ ਬਣਾਏਗੀ।

ਡਾ. ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਗੋਲਡਨ-ਆਵਰ ਕੇਅਰ ਵਿਚ ਨਵੇਂ ਮਾਪਦੰਡ ਸਥਾਪਤ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਕੋਈ ਵੀ ਮਰੀਜ਼ ਮਿਆਰੀ ਇਲਾਜ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਐੱਸਟੀਈਐੱਮਆਈ ਪ੍ਰਾਜੈਕਟ ਦੀ ਸਫਲਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੇ ਸਮੇਂ ਸਿਰ ਇਲਾਜ ਰਾਹੀਂ ਦਿਲ ਦੀਆਂ ਬਿਮਾਰੀਆਂ ਕਰਕੇ ਮੌਤ ਦਰ ਨੂੰ ਘਟਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਡਾਕਟਰਾਂ ਦੀ ਲਗਨ ਅਤੇ ਮੁਹਾਰਤ ਸਿਹਤਮੰਦ ਤੇ ਤੰਦਰੁਸਤ ਪੰਜਾਬ ਦੀ ਧਾਰਨਾ ਨੂੰ ਹੋਰ ਬਲ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਬਿਮਾਰੀਆਂ ਦਾ ਇਲਾਜ ਨਹੀਂ ਕਰ ਰਹੇ ਸਗੋਂ ਇੱਕ ਅਜਿਹੀ ਸਿਹਤ ਸੰਭਾਲ ਪ੍ਰਣਾਲੀ ਤਿਆਰ ਕਰ ਰਹੇ ਹਾਂ ਜੋ ਸਮੇਂ ਸਿਰ ਰੋਕਥਾਮ, ਇਲਾਜ ਅਤੇ ਹਲੀਮੀ ਨਾਲ ਸਿਹਤ ਸੰਭਾਵ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜੀਹ ਦਿੰਦੀ ਹੈ।

ਮਨੋਰੋਗੀਆਂ, ਜਿਨ੍ਹਾਂ ਵਿਚ ਨਸ਼ੇ ਨਾਲ ਜੂਝ ਰਹੇ ਮਰੀਜ਼ ਵੀ ਸ਼ਾਮਲ ਹਨ, ਦਾ ਹਲੀਮੀ ਨਾਲ ਇਲਾਜ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਰੀਜ਼ਾਂ ਦੀ ਤੇਜ਼ੀ ਨਾਲ ਰਿਕਵਰੀ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਡਾਕਟਰੀ ਦੇਖਭਾਲ ਨਾਲ ਏਕੀਕ੍ਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਰੀਜਜ਼ਾਂ ਦੀ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਸਾਡਾ ਫਰਜ਼ ਹੈ ਅਤੇ ਅਸੀਂ ਸਿਰਫ਼ ਇਲਾਜ ਹੀ ਨਹੀਂ ਸਗੋਂ ਉਨ੍ਹਾਂ ਨੂੰ ਮੁੜ ਵਸੇਬੇ ਅਤੇ ਸਸ਼ਕਤੀਕਰਨ ਦੇ ਮੌਕੇ ਵੀ ਪ੍ਰਦਾਨ ਕਰਾਂਗੇ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ 1,000 ਨਵੇਂ ਮੈਡੀਕਲ ਅਫਸਰਾਂ ਦੀ ਭਰਤੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਨ੍ਹਾਂ ਨੂੰ ਪੇਂਡੂ, ਸਰਹੱਦੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਭੇਜਣ ਤੋਂ ਪਹਿਲਾਂ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਸ਼ਹਿਰੀ-ਪੇਂਡੂ ਸਿਹਤ ਸੰਭਾਲ ਪਾੜੇ ਨੂੰ ਪੂਰਦਿਆਂ ਮਿਆਰੀ ਦੇਖਭਾਲ ਸੇਵਾਵਾਂ ਨੂੰ ਸੂਬੇ ਦੇ ਹਰ ਕੋਨੇ ਤੱਕ ਪਹੁੰਚਾਉਣਾ ਯਕੀਨੀ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਸੀਨੀਅਰ ਮੈਡੀਕਲ ਅਫਸਰਾਂ (ਐੱਸਐੱਮਓਜ਼) ਨੂੰ ਆਈਆਈਐੱਮ ਅਹਿਮਦਾਬਾਦ ਵਿਖੇ ਉੱਨਤ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ ਤਾਂ ਜੋ ਸਿਹਤ ਸੰਭਾਲ ਖੇਤਰ ਦੀ ਸਮਰੱਥਾ, ਅਤਿ-ਸੰਵੇਦਨਸ਼ੀਲ ਸਮੇਂ ਦੌਰਾਨ ਦੇਖਭਾਲ ਅਤੇ ਐਮਰਜੈਂਸੀ ਸਿਖਲਾਈ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਵਿਸਥਾਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਮਾਨਸਿਕ ਸਿਹਤ ਸੇਵਾਵਾਂ ਨੂੰ ਪ੍ਰਾਇਮਰੀ ਦੇਖਭਾਲ ਵਿਚ ਜੋੜਨ ਲਈ ਮਨੋਰੋਗੀ ਮਾਹਰਾਂ ਨੂੰ ਏਮਜ਼, ਦਿੱਲੀ ਵਿਖੇ ਵਿਸ਼ੇਸ਼ ਮਨੋਰੋਗ ਦੇਖਭਾਲ ਸਿਖਲਾਈ ਪ੍ਰੋਗਰਾਮਾਂ ਲਈ ਭੇਜਿਆ ਗਿਆ ਹੈ। ਸਿਹਤ ਮੰਤਰੀ ਨੇ ਡਾਕਟਰੀ ਸੇਵਾ ਅਤੇ ਜਨਤਕ ਸਿਹਤ ਪ੍ਰੋਗਰਾਮਾਂ ਵਿੱਚ ਡਾਕਟਰਾਂ ਦੇ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਿਤ ਕਰਨ ਵਾਸਤੇ ਰਾਜ ਪੁਰਸਕਾਰਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ।

Share.

“I’m a Newswriter, “I write about the trending news events happening all over the world.

Leave A Reply