ਕੈਂਸਰ ਮੈਮੋਰੀਅਲ ਹਸਪਤਾਲ ਤੇ ਏਮਜ਼ ਦੇ ਡਾਕਟਰਾਂ ਨੇ ਵੀ ਸਿੱਧੂ ਦੇ ਦਾਅਵੇ ਨਕਾਰੇ, ਸਿਹਤ ਮੰਤਰਾਲੇ ਨੂੰ ਮਾਮਲੇ ’ਤੇ ਨੋਟਿਸ ਲੈਣ ਦੀ ਕੀਤੀ ਮੰਗ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਸਾਬਕਾ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਕੈਂਸਰ ਰੋਗ ਨੂੰ ਦੇਸੀ ਇਲਾਜ ਦੇ ਕੁਝ ਨੁਸਖ਼ਿਆਂ, ਖਾਣ ਪੀਣ ਦੇ ਪ੍ਰਹੇਜ਼ ਤੇ ਜੀਵਨ ਸ਼ੈਲੀ ਰਾਹੀਂ ਸਿਹਤਯਾਬ ਹੋਣ ਦੇ ਗ਼ੈਰ ਵਿਗਿਆਨਕ ਦਾਅਵੇ ਨੂੰ ਖਾਰਜ ਕਰਦਿਆਂ ਇਸਦੀ ਤੱਥਾਂ ਸਹਿਤ ਡਾਕਟਰੀ ਪਰਮਾਣਿਕਤਾ ਸਿੱਧ ਕਰਨ ਦੀ ਚੁਣੌਤੀ ਦਿੱਤੀ ਹੈ ਤੇ ਸਿਹਤ ਮੰਤਰਾਲੇ ਨੂੰ ਇਸਦਾ ਗੰਭੀਰ ਨੋਟਿਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਹੈ। ਤਰਕਸ਼ੀਲ ਸੁਸਾਇਟੀ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਬਲਬੀਰ ਲੌਂਗੋਵਾਲ, ਰਾਜਪਾਲ ਬਠਿੰਡਾ, ਰਾਮ ਸਵਰਨ ਲੱਖੇਵਾਲੀ ਤੇ ਸੁਮੀਤ ਅੰਮ੍ਰਿਤਸਰ ਨੇ ਸੁਸਾਇਟੀ ਦੇ ਮੁੱਖ ਦਫਤਰ ਤਰਕਸ਼ੀਲ ਭਵਨ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਧੁਨਿਕ ਡਾਕਟਰੀ ਇਲਾਜ ਪ੍ਰਣਾਲੀ ’ਚ ਡੇਅਰੀ ਉਤਪਾਦ ਤੇ ਖੰਡ ਨਾ ਖਾਣ ਤੇ ਹਲਦੀ ਤੇ ਨਿੰਮ ਦਾ ਸੇਵਨ ਕਰਨ ਨਾਲ ਚੌਥੀ ਸਟੇਜ ਦੇ ਲਾਇਲਾਜ ਕੈਂਸਰ ਨੂੰ ਖਤਮ ਕਰਨ ਦੇ ਦਾਅਵੇ ਦੀ ਕੋਈ ਵਿਗਿਆਨਕ ਤੇ ਮੈਡੀਕਲ ਪ੍ਰਮਾਣਿਕ ਸੱਚਾਈ ਮੌਜੂਦ ਨਹੀਂ ਹੈ ਤੇ ਇਕ ਨਾਮਵਰ ਸਿਆਸਤਦਾਨ ਵੱਲੋਂ ਪੂਰੀ ਗ਼ੈਰ ਜ਼ਿੰਮੇਵਾਰੀ ਦਾ ਸਬੂਤ ਦਿੰਦੇ ਹੋਏ ਅਜਿਹਾ ਗ਼ੈਰ ਵਿਗਿਆਨਕ ਦਾਅਵਾ ਕਰਨਾ ਜਿੱਥੇ ਸਮਾਜ ਲਈ ਬੇਹੱਦ ਖਤਰਨਾਕ ਹੈ,ਉਥੇ ਹੀ ਡਰੱਗਜ਼ ਤੇ ਮੈਜਿਕ ਰੈਮੇਡੀਜ਼ ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਕਾਨੂੰਨ 1954 ਦੀ ਸਿੱਧੀ ਉਲੰਘਣਾ ਵੀ ਹੈ। ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਟਾਟਾ ਕੈਂਸਰ ਮੈਮੋਰੀਅਲ ਹਸਪਤਾਲ ਤੇ ਏਮਜ਼ ਦੇ ਮਾਹਿਰ ਡਾਕਟਰਾਂ ਨੇ ਵੀ ਇਕ ਵਿਸ਼ੇਸ਼ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਮੌਜੂਦਾ ਡਾਕਟਰੀ ਇਲਾਜ ਪ੍ਰਣਾਲੀ ’ਚ ਕੋਈ ਵੀ ਅਜਿਹਾ ਕਲੀਨੀਕਲ ਡਾਟਾ ਨਹੀਂ ਹੈ, ਜੋ ਅਜਿਹੇ ਦੇਸੀ ਟੋਟਕਿਆਂ ਨੂੰ ਕੈਂਸਰ ਵਿਰੋਧੀ ਏਜੰਟ ਵਜੋਂ ਵਰਤਣ ਦੀ ਸਿਫ਼ਾਰਸ਼ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਸੰਭਵ ਹੁੰਦਾ ਤਾਂ ਕੈਂਸਰ ਦੇ ਲੱਖਾਂ ਮਰੀਜ਼ਾਂ ਨੂੰ ਮਹਿੰਗੇ ਡਾਕਟਰੀ ਇਲਾਜ ਦੀ ਬਜਾਇ ਅਜਿਹੇ ਦੇਸੀ ਟੋਟਕਿਆਂ ਨਾਲ ਹੀ ਬਚਾਇਆ ਜਾ ਸਕਦਾ ਸੀ। ਇਸ ਮੌਕੇ ਤਰਕਸ਼ੀਲ ਆਗੂਆਂ ਰਾਜੇਸ਼ ਅਕਲੀਆ, ਜੋਗਿੰਦਰ ਕੁੱਲੇਵਾਲ, ਜਸਵੰਤ ਮੋਹਾਲੀ, ਜਸਵਿੰਦਰ ਫਗਵਾੜਾ, ਅਜੀਤ ਪ੍ਰਦੇਸੀ, ਗੁਰਪ੍ਰੀਤ ਸ਼ਹਿਣਾ, ਸੰਦੀਪ ਧਾਰੀਵਾਲ ਭੋਜਾਂ ਤੇ ਜੋਨ ਆਗੂ ਪਰਮ ਵੇਦ ਨੇ ਦਾਅਵਾ ਕੀਤਾ ਕਿ ਕੀਮੋਥਰੇਪੀ ਸਮੇਤ ਹੋਰ ਆਧੁਨਿਕ ਇਲਾਜ ਕਰਵਾਏ ਜਾਣ ਕਰਕੇ ਹੀ ਡਾਕਟਰ ਸਿੱਧੂ ਕੈਂਸਰ ਤੋਂ ਸਿਹਤਯਾਬ ਹੋਏ ਹਨ ਤੇ ਅਜਿਹੇ ਗ਼ੈਰ ਵਿਗਿਆਨਕ ਦਾਅਵੇ ਕਰਕੇ ਉਹ ਜਿੱਥੇ ਡਾਕਟਰੀ ਵਿਗਿਆਨ ਦੀ ਤੌਹੀਨ ਕਰ ਰਹੇ ਹਨ, ਉਥੇ ਹੀ ਕੈਂਸਰ ਦੇ ਮਰੀਜ਼ਾਂ ਨੂੰ ਸਿੱਧੇ ਤੌਰ ’ਤੇ ਗੁੰਮਰਾਹ ਕਰ ਰਹੇ ਹਨ, ਜਿਸ ਤੋਂ ਲੋਕਾਂ ਨੂੰ ਸੁਚੇਤ ਹੋ ਕੇ ਸਿਰਫ ਡਾਕਟਰੀ ਇਲਾਜ ’ਤੇ ਭਰੋਸਾ ਕਰਨ ਦੀ ਲੋੜ ਹੈ। ਉਨ੍ਹਾਂ ਅਜਿਹੇ ਗ਼ੈਰ ਵਿਗਿਆਨਕ ਦਾਅਵੇ ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੈਸ ਕਾਨਫਰੰਸ ’ਚ ਮੌਜੂਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਜੋਕਿ ਖੁਦ ਇਕ ਡਾਕਟਰ ਹਨ, ਨੇ ਇਸ ਦਾਅਵੇ ਦੇ ਹੱਕ ’ਚ ਇਕ ਵੀ ਸ਼ਬਦ ਬੋਲਣ ਦੀ ਜੁਅਰਤ ਨਹੀਂ ਕੀਤੀ।
Trending
- ਅਰਵਿੰਦ ਕੇਜਰੀਵਾਲ ਨੇ ਤੁਹਾਡੇ ਵੱਡੇ ਭਰਾ ਵਜੋਂ ਕੰਮ ਕੀਤਾ, ਸਿਆਸਤਦਾਨ ਵਜੋਂ ਨਹੀਂ, ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਉਹ (ਭਾਜਪਾ) ਵੰਡਣ ਵਾਲੀ ਰਾਜਨੀਤੀ ਕਰਦੇ ਹਨ: ਮੁੱਖ ਮੰਤਰੀ ਮਾਨ
- ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ, ਸਿਲੰਡਰ ‘ਤੇ ਮਿਲੇਗੀ 500 ਰੁਪਏ ਦੀ ਸਬਸਿਡੀ
- ਕੇਜਰੀਵਾਲ ਦੀ ਜ਼ਮਾਨਤ ਵਿਰੁੱਧ ਈਡੀ ਦੀ ਪਟੀਸ਼ਨ ‘ਤੇ 21 ਮਾਰਚ ਨੂੰ ਹੋਵੇਗੀ ਸੁਣਵਾਈ
- ਜਾਣੋ ਆਪਣੇ ਸ਼ਹਿਰ ਦੇ ਸੋਨਾ-ਚਾਂਦੀ ਦੇ ਨਵੇਂ ਰੇਟ
- ਸਿੱਖ ਜਥੇਬੰਦੀਆਂ, ਸਿੱਖ ਸਭਾਵਾਂ ਅਤੇ ਧਾਰਮਕ ਜਥੇਬੰਦੀਆਂ ਨੇ ਵੀ ਕੀਤੀ ਨਾਅਰੇਬਾਜ਼ੀ
- ਲਾਈਨਮੈਨ ਯੂ.ਪੀ.ਆਈ. ਪੇਮੈਂਟ ਰਾਹੀਂ ਪਹਿਲਾਂ ਵੀ ਲੈ ਚੁੱਕਾ ਹੈ 5000 ਰੁਪਏ
- ਕੰਗਨਾ ਰਣੌਤ ਦੀ ਐਮਰਜੈਂਸੀ ਫ਼ਿਲਮ, ਸ਼੍ਰੋਮਣੀ ਕਮੇਟੀ ਨੇ ਪੰਜਾਬ ’ਚ ਨਹੀਂ ਚੱਲਣ ਦਿੱਤੀ
- ਭਗਵੰਤ ਮਾਨ ਸਰਕਾਰ ਕੇਂਦਰ ਦੀ ਨਵੀਂ ਮੰਡੀਕਰਣ ਨੀਤੀ ਨੂੰ ਪੰਜਾਬ ਚ ਲਾਗੂ ਨਹੀਂ ਕਰੇਗੀ