ਖਨੌਰੀ ਬਾਰਡਰ ਉਤੇ ਕਿਸਾਨ ਆਗੂ ਜਗਜੀਤ ਸਿੰਘ ਨੂੰ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾ ਹੀ ਰਾਤ ਲਗਭਗ ਢਾਈ ਵਜੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਕਿਸਾਨੀ ਮੰਗਾਂ ਦੇ ਸੰਬੰਧ ਦੇ ਵਿੱਚ ਉਨ੍ਹਾਂ ਨੇ ਅੱਜ (26 ਨਵੰਬਰ) ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ ‘ਤੇ ਭੁੱਖ ਹੜਤਾਲ ਸ਼ੁਰੂ ਕਰਨੀ ਸੀ।
ਉਨ੍ਹਾਂ ਨੂੰ ਰਾਤ ਕਰੀਬ 2:30 ਵਜੇ ਪੁਲਿਸ ਨੇ ਹਿਰਾਸਤ ‘ਚ ਲਿਆ। ਡੱਲੇਵਾਲ ਨੇ ਐਲਾਨ ਕੀਤਾ ਸੀ ਕਿ ਪਾਰਲੀਮੈਂਟ ਸੈਸ਼ਨ ਸ਼ੁਰੂ ਹੁੰਦੇ ਹੀ ਉਹ ਭੁੱਖ ਹੜਤਾਲ ਦੇ ਬੈਠਣਗੇ। ਕਿਸਾਨ ਆਗੂਆਂ ਵੱਲੋਂ ਖਨੌਰੀ ਬਾਰਡਰ ਉਤੇ ਇੱਕ ਵੱਡਾ ਇਕੱਠ ਕਰਕੇ ਅੱਜ ਅਗਲੀ ਰਣਨੀਤੀ ਸਬੰਧੀ ਵੱਡੇ ਐਲਾਨ ਕੀਤੇ ਜਾ ਸਕਦੇ ਹਨ।
ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਜਗਜੀਤ ਸਿੰਘ ਡੱਲੇਵਾਲ ਦੀ ਹਿਰਾਸਤ ਬਾਰੇ ਬਿਆਨ ਕੀਤਾ ਜਾਰੀ
ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਜਗਜੀਤ ਸਿੰਘ ਡੱਲੇਵਾਲ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਦਾ ਐਲਾਨ ਕੀਤਾ ਗਿਆ ਸੀ। ਡਲੇਵਾਲ ਦੀ ਉਮਰ ਅਤੇ ਸਿਹਤ ਦਾ ਧਿਆਨ ਰੱਖਦੇ ਹੋਏ ਪੁਲਿਸ ਵੱਲੋਂ ਉਹਨਾਂ ਨੂੰ ਮੈਡੀਕਲ ਜਾਂਚ ਲਈ ਲੁਧਿਆਣਾ ਡੀਐਮਸੀ ਲਿਆਂਦਾ ਗਿਆ ਹੈ। ਡੀਆਈਜੀ ਸਿੱਧੂ ਨੇ ਕਿਹਾ ਕਿ ਜਦੋਂ ਮਰਨ ਵਰਤ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਮੌਕੇ ‘ਤੇ ਭਾਰੀ ਗਿਣਤੀ ਲੋਕ ਇਕੱਠੇ ਹੋ ਜਾਂਦੇ ਹਨ ਜਿਸ ਨਾਲ ਲੋੜਵੰਦ ਤੱਕ ਸਿਹਤ ਸੁਵਿਧਾ ਪਹੁੰਚਣੀ ਮੁਸ਼ਕਿਲ ਹੋ ਜਾਂਦੀ ਹੈ। ਇਸ ਲਈ ਜਗਜੀਤ ਸਿੰਘ ਡੱਲੇਵਾਲ ਦੀ ਉਮਰ ਅਤੇ ਸਿਹਤ ਨੂੰ ਤਰਜੀਹ ਦਿੰਦੇ ਹੋਏ ਹਸਪਤਾਲ ਵਿੱਚ ਜਾਂਚ ਲਈ ਲਿਆਂਦਾ ਗਿਆ ਹੈ।


 
									 
					 
