ਖਮਾਣੋਂ ਤਹਿਸੀਲ ਦੇ ਪਿੰਡ ਬੌੜ ਦਾ ਮਲਕੀਤ ਸਿੰਘ ਦੁਨੀਆ ਦਾ ਪਹਿਲਾ ਸਾਬਤ-ਸੂਰਤ ਗੁਰਸਿੱਖ ਹੈ, ਜਿਸ ਨੇ ਐਵਰੈਸਟ ਫ਼ਤਿਹ ਕੀਤਾ ਹੈ। 23 ਨਵੰਬਰ ਨੂੰ ਮਲਕੀਤ ਸਿੰਘ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 19 ਮਈ 2024 ਦੀ ਸਵੇਰ ਨੂੰ ਮਲਕੀਤ ਸਿੰਘ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ। ਮਲਕੀਤ ਸਿੰਘ ਜੋ ਕਿ 1998 ਤੋਂ ਨਿਊਜ਼ੀਲੈਂਡ ’ਚ ਵਸਿਆ ਹੋਇਆ ਹੈ। ਐਵਰੈਸਟ ਫ਼ਤਿਹ ਕਰਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਇਆ ਹੈ। ਮਲਕੀਤ ਸਿੰਘ ਦੁਨੀਆਂ ਦਾ ਪਹਿਲਾ ਸਾਬਤ ਸੂਰਤ ਗੁਰਸਿੱਖ ਹੈ ਜੋ 8,848.86 ਮੀਟਰ ਉੱਚੀ ਮਾਊਂਟ ਐਵਰੈਸਟ ਨੂੰ ਫ਼ਤਿਹ ਕਰਨ ਵਿੱਚ ਕਾਮਯਾਬ ਹੋਇਆ ਹੈ।
ਐਵਰੈਸਟ ਫ਼ਤਿਹ ਕਰਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਬੌੜ ਆਏ ਐੱਨਆਰਆਈ ਮਲਕੀਤ ਸਿੰਘ ਨੇ ਦੱਸਿਆ ਕਿ ਸਾਲ 2022 ’ਚ ਉਸ ਦੇ ਮਨ ’ਚ ਕੇਸਰੀ ਨਿਸ਼ਾਨ ਸਾਹਿਬ ਨੂੰ ਐਵਰੈਸਟ ’ਤੇ ਲਹਿਰਾਉਣ ਦੀ ਇੱਛਾ ਪੈਦਾ ਹੋਈ। 1967 ’ਚ ਇੱਕ ਸਿੱਖ ਫ਼ੌਜੀ ਅਫ਼ਸਰ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਗਲੇਸ਼ੀਅਰ ਫਟਣ ਕਾਰਨ ਉਸਦੀ ਮੌਤ ਹੋ ਗਈ ਸੀ। ਮਲਕੀਤ ਸਿੰਘ ਨੇ ਦੱਸਿਆ ਕਿ ਦੋ ਸਾਲਾਂ ਦੀ ਸਖ਼ਤ ਮਿਹਨਤ ਤੇ ਇੱਕ ਸਾਲ ਦੀ ਸਿਖਲਾਈ ਤੋਂ ਬਾਅਦ, ਉਹ ਐਵਰੈਸਟ ’ਤੇ ਚੜ੍ਹਨ ’ਚ ਸਫ਼ਲ ਹੋਏ। 11 ਮਈ 2024 ਨੂੰ, ਉਨ੍ਹਾਂ ਨੇ ਐਵਰੈਸਟ ਦੇ ਬੇਸ ਕੈਂਪ ਤੋਂ ਐਵਰੈਸਟ ਦੀ ਚੋਟੀ ਤੱਕ ਆਪਣੀ ਯਾਤਰਾ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕੈਂਪ ਤਿੰਨ ਤੋਂ ਕੈਂਪ ਚਾਰ ਲਈ ਰਵਾਨਾ ਹੋਏ ਤਾਂ ਉਹ ਸਰੀਰਕ ਤੌਰ ‘ਤੇ ਥੱਕਿਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਮੈਨੂੰ ਲੱਗਾ ਜਿਵੇਂ ਮੇਰੇ ਵਿੱਚ ਅੱਗੇ ਵਧਣ ਦੀ ਤਾਕਤ ਨਹੀਂ ਸੀ। ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਵਿਸ਼ਵਾਸ ਨਾਲ ਅੱਗੇ ਵਧਿਆ। 19 ਮਈ ਨੂੰ ਉਹ ਸਵੇਰੇ 7.30 ਵਜੇ ਆਖ਼ਰੀ ਪੜਾਅ ਲਈ ਰਵਾਨਾ ਹੋਏ ਅਤੇ ਸਵੇਰੇ 8.37 ਵਜੇ ਉਨ੍ਹਾਂ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ‘ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ। ਇਸ ਤੋਂ ਬਾਅਦ ਉਹ 21 ਮਈ ਨੂੰ ਸੁਰੱਖਿਅਤ ਬੇਸ ਕੈਂਪ ਪਰਤ ਆਏ। ਮਲਕੀਤ ਸਿੰਘ ਦਾ ਕਹਿਣਾ ਹੈ ਕਿ ਸ਼ਡਿਊਲ ਮੁਤਾਬਕ ਉਨ੍ਹਾਂ ਨੇ 17 ਮਈ ਨੂੰ ਵਾਪਸ ਆਉਣਾ ਸੀ ਪਰ ਖ਼ਰਾਬ ਮੌਸਮ ਕਾਰਨ 5 ਦਿਨ ਦੀ ਦੇਰੀ ਹੋਈ। ਉਹ ਆਪਣੀ ਕਾਮਯਾਬੀ ਦਾ ਸਿਹਰਾ ਪ੍ਰਮਾਤਮਾ ਨੂੰ ਦਿੰਦੇ ਹਨ। ਐਵਰੈਸਟ ਫ਼ਤਿਹ ਕਰਨ ਤੋਂ ਬਾਅਦ ਮਲਕੀਤ ਸਿੰਘ ਨਿਊਜ਼ੀਲੈਂਡ ਚਲਾ ਗਏ।
ਵਿਦਿਆਰਥੀ ਜੀਵਨ ਦੌਰਾਨ ਤਿੰਨ ਵਾਰ ਬਣੇ ਸਰਵੋਤਮ ਅਥਲੀਟ
53 ਸਾਲਾ ਮਲਕੀਤ ਸਿੰਘ ਪੰਜਾਬ ਪਬਲਿਕ ਸਕੂਲ ਨਾਭਾ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਨੇ 1993 ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀਬਾੜੀ ਵਿਗਿਆਨ ਵਿੱਚ ਬੀਐਸਸੀ ਆਨਰਜ਼ ਦੀ ਡਿਗਰੀ ਪ੍ਰਾਪਤ ਕੀਤੀ। ਮਲਕੀਤ ਸਿੰਘ ਨੂੰ ਆਪਣੇ ਵਿਦਿਆਰਥੀ ਜੀਵਨ ਦੌਰਾਨ ਤਿੰਨ ਵਾਰ ਸਰਵੋਤਮ ਅਥਲੀਟ ਚੁਣਿਆ ਗਿਆ ਸੀ। ਮਲਕੀਤ ਸਿੰਘ ਪੰਜਾਬ ਪਬਲਿਕ ਸਕੂਲ, ਨਾਭਾ ਵਿਖੇ ਆਪਣੇ ਵਿਦਿਆਰਥੀ ਦਿਨਾਂ ਦੌਰਾਨ ਮਹਾਨ ਪਰਬਤਾਰੋਹੀ ਸਰ ਐਡਮੰਡ ਹਿਲੇਰੀ ਤੋਂ ਪੁਰਸਕਾਰ ਪ੍ਰਾਪਤ ਕਰਨ ਨੂੰ ਯਾਦ ਕਰਦਾ ਹੈ ਜੋ ਟੈਨਸਿੰਗ ਨੌਰਗੇ ਦੇ ਨਾਲ 1953 ’ਚ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਮਾਉਂਟ ਐਵਰੈਸਟ ’ਤੇ ਚੜ੍ਹਨ ਵਾਲਾ ਪਹਿਲਾ ਵਿਅਕਤੀ ਸੀ। ਹਿਲੇਰੀ, ਜੋ ਕਿ 1985 ਤੋਂ 1988 ਤੱਕ ਭਾਰਤ ਵਿੱਚ ਨਿਊਜ਼ੀਲੈਂਡ ਦੀ ਹਾਈ ਕਮਿਸ਼ਨਰ ਰਹੀ ਸੀ, 1987 ਵਿੱਚ ਸਲਾਨਾ ਪੁਰਸਕਾਰਾਂ ਲਈ ਸਕੂਲ ਗਈ ਸੀ, ਜਦੋਂ ਮਲਕੀਤ ਸਿੰਘ ਉਸ ਨੂੰ ਮਿਲਿਆ ਸੀ। ਮਲਕੀਤ ਸਿੰਘ ਨੇ ਦੱਸਿਆ ਕਿ ਬਾਅਦ ’ਚ ਜਦੋਂ ਮੈਂ 1998 ਵਿੱਚ ਆਕਲੈਂਡ ਗਿਆ ਤਾਂ ਮੈਂ ਐਡਮੰਡ ਹਿਲੇਰੀ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਦੁਬਾਰਾ ਮਿਲਿਆ।