ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਨਵੰਬਰ:ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਹੁਕਮਾਂ ਅਧੀਨ ਗੈਰ-ਕਾਨੂੰਨੀ ਅਨਸਰਾਂ ਅਤੇ ਗੈਂਗਸਟਰਾਂ ਵਿਰੁੱਧ ਚਲ ਰਹੀ ਖਾਸ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਸ੍ਰੀ ਦਿਲਪ੍ਰੀਤ ਸਿੰਘ, ਆਈ.ਪੀ.ਐਸ., ਕਪਤਾਨ ਪੁਲਿਸ (ਸਿਟੀ) ਨੇ ਦੱਸਿਆ ਕਿ ਅਕੁੰਸ ਜਿੰਦਲ, ਜੋ ਫੇਜ਼ 3ਬੀ2 ਮਾਰਕੀਟ ਮੋਹਾਲੀ ਵਿੱਚ ਸੁਨਿਆਰੇ ਦੀ ਦੁਕਾਨ ਚਲਾਉਂਦਾ ਹੈ, ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੋਬਾਇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਿਰੌਤੀ ਮੰਗੀ ਗਈ ਸੀ। ਇਸ ਸਬੰਧੀ ਮਟੌਰ ਥਾਣੇ ਵਿੱਚ ਮੁਕੱਦਮਾ ਨੰਬਰ 182 ਮਿਤੀ 11.11.2025 ਅਧੀਨ ਧਾਰਾ 308(2), 62, 351(1), 351(2) ਤਹਿਤ ਦਰਜ ਕੀਤਾ ਗਿਆ।ਉਹਨਾਂ ਦੱਸਿਆ ਕਿ ਸ੍ਰੀ ਪ੍ਰਿਥਵੀ ਸਿੰਘ ਚਹਿਲ, ਪੀ.ਪੀ.ਐੱਸ., ਡੀ.ਐੱਸ.ਪੀ. ਸਿਟੀ-1, ਮੋਹਾਲੀ ਦੇ ਦਿਸ਼ਾ-ਨਿਰਦੇਸ਼ ਅਤੇ ਨਿਗਰਾਨੀ ਹੇਠ ਇੰਸਪੈਕਟਰ ਅਮਨਦੀਪ ਕੰਬੋਜ਼, ਮੁੱਖ ਅਧਿਕਾਰੀ ਥਾਣਾ ਮਟੌਰ ਦੀ ਅਗਵਾਈ ਹੇਠ ਟੀਮ ਨੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਹਿਚਾਣ ਅਜੂਬਾ ਪੁੱਤਰ ਦੀਨਾ ਨਾਥ, ਵਾਸੀ ਪਿੰਡ ਸਤੋਲੀ, ਤਹਿਸੀਲ ਖੇੜਾਗਰ, ਜ਼ਿਲ੍ਹਾ ਆਗਰਾ (ਯੂ.ਪੀ.), ਹਾਲ ਵਾਸੀ ਨੇੜੇ ਡੰਗਰਾਂ ਦਾ ਹਸਪਤਾਲ, ਜੰਝਘਰ, ਪਿੰਡ ਚੰਦੇਰ, ਤਹਿਸੀਲ ਅਜਨਾਲਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਹੋਈ ਹੈ।ਉਹਨਾਂ ਕਿਹਾ ਕਿ ਦੋਸ਼ੀ ਨੂੰ ਅਦਾਲਤ ਮੋਹਾਲੀ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ, ਤਾਂ ਜੋ ਉਸ ਨਾਲ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣਗੇ।


