ਜਲੰਧਰ ‘ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਨੇ ਐਤਵਾਰ ਨੂੰ ਆਪਣੇ ਘਰ ਵਿਚ ਬਿਜਲੀ ਦੀ ਤਾਰ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਦੀ ਮੰਨੀਏ ਤਾਂ ਖ਼ੁਦਕੁਸ਼ੀ ਕਰਨ ਵਾਲਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਸ ਦੀ ਧੀ ਦੋ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਈ ਸੀ। ਮ੍ਰਿਤਕ ਦੀ ਪਛਾਣ ਕਮਲ ਅਰੋੜਾ ਉਰਫ਼ ਟੀਟੂ ਪੁੱਤਰ ਹੁਕਮ ਚੰਦ ਵਾਸੀ ਕਬੀਰ ਨਗਰ ਵਜੋਂ ਹੋਈ ਹੈ।
ਥਾਣਾ ਨੰਬਰ 1 ਦੇ ਇੰਚਾਰਜ ਅਫ਼ਸਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਕਬੀਰ ਨਗਰ ਵਿਚ ਇਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਦੀ ਇਕ ਟੀਮ ਤੁਰੰਤ ਘਟਨਾ ਸਥਾਨ ’ਤੇ ਭੇਜੀ ਗਈ। ਜਾਂਚ ਕਰਨ ’ਤੇ ਪੁਲਸ ਨੂੰ ਪਤਾ ਲੱਗਾ ਕਿ ਕਮਲ ਅਰੋੜਾ ਦੀ ਪਤਨੀ ਦੀ ਮੌਤ 10 ਸਾਲ ਪਹਿਲਾਂ ਹੋ ਗਈ ਸੀ। ਉਸ ਦਾ ਪੁੱਤਰ ਅਤੇ ਧੀ ਨਿਊਜ਼ੀਲੈਂਡ ਵਿਚ ਸਨ, ਜਦਕਿ ਉਸ ਦੀ ਧੀ ਸ਼ੁੱਕਰਵਾਰ ਨੂੰ ਹੀ ਘਰ ਵਾਪਸ ਆਈ ਸੀ।
ਪੁਲਸ ਅਨੁਸਾਰ ਕਮਲ ਇਕੱਲਾ ਹੋਣ ਕਰਕੇ ਅਕਸਰ ਆਪਣੇ ਭਰਾ ਦੇ ਢਾਬੇ ’ਤੇ ਖਾਣਾ ਖਾਂਦਾ ਸੀ ਅਤੇ ਕਈ ਵਾਰ ਉਹ ਘਰ ਹੀ ਖਾਣਾ ਮੰਗਵਾ ਲੈਂਦਾ ਸੀ। ਐਤਵਾਰ ਨੂੰ ਕਮਲ ਅਰੋੜਾ ਨਾ ਤਾਂ ਢਾਬੇ ’ਤੇ ਗਿਆ ਅਤੇ ਨਾ ਹੀ ਉਸ ਨੇ ਖਾਣਾ ਘਰ ਮੰਗਵਾਇਆ। ਉਸ ਦੇ ਭਰਾ ਨੇ ਕਈ ਵਾਰ ਫ਼ੋਨ ਕੀਤਾ ਪਰ ਕਿਸੇ ਨੇ ਵੀ ਫੋਨ ਦਾ ਜਵਾਬ ਨਾ ਦਿੱਤਾ। ਇਸ ਲਈ ਉਨ੍ਹਾਂ ਢਾਬੇ ਦੇ ਇਕ ਕਰਮਚਾਰੀ ਨੂੰ ਘਰ ਭੇਜਿਆ ਪਰ ਕਮਲ ਅਰੋੜਾ ਦੀ ਲਾਸ਼ ਕਮਰੇ ਵਿਚ ਫਾਹੇ ਨਾਲ ਲਟਕ ਰਹੀ ਸੀ।
ਕਮਲ ਅਰੋੜਾ ਦਾ ਭਰਾ ਤੁਰੰਤ ਮੌਕੇ ’ਤੇ ਪਹੁੰਚਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਐੱਸ. ਐੱਚ. ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਪੁਲਸ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਦੀ ਮੌਤ ਦੇ ਬਾਅਦ ਤੋਂ ਡਿਪ੍ਰੈਸ਼ਨ ਵਿਚ ਸੀ ਅਤੇ ਹੋ ਸਕਦਾ ਹੈ ਕਿ ਇਸੇ ਕਾਰਨ ਉਸ ਨੇ ਖ਼ੁਦਕੁਸ਼ੀ ਕੀਤੀ ਹੋਵੇ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ ਗਿਆ ਹੈ।