ਲੁਧਿਆਣਾ, 6 ਅਕਤੂਬਰ:ਲੁਧਿਆਣਾ ਦੇ ਸਾਰਸ ਮੇਲਾ 2025 ਵਿੱਚ ਸਭ ਤੋਂ ਸੋਹਣੀ ਦਸਤਾਰ (ਪੱਗ) ਬੰਨ੍ਹਣ ਦਾ ਮੁਕਾਬਲਾ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਵੱਲੋਂ ਸਰਦਾਰੀਆਂ ਟਰੱਸਟ, ਪੰਜਾਬ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਲੁਧਿਆਣਾ ਦੇ ਓਪਨ ਏਅਰ ਥੀਏਟਰ ਵਿੱਚ ਹੋਇਆ। ਇਸ ਮੁਕਾਬਲੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਸੋਹਣੀ ਦਸਤਾਰ (ਪੱਗ) ਬੰਨ੍ਹਣ ਦੇ ਮੁਕਾਬਲੇ ਵਿੱਚ ਵੱਖ-ਵੱਖ ਉੱਮਰ ਦੇ ਨੌਜਵਾਨਾਂ ਨੇ ਭਾਗ ਲਿਆ। ਜਿਹਨਾਂ ਨੂੰ ਦੋ ਗਰੁੱਪਾਂ 14 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ (ਜੂਨੀਅਰ) ਅਤੇ 14 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ (ਸੀਨੀਅਰ) ਵਿੱਚ ਵੰਡਿਆ ਗਿਆ। ਸੋਹਣੀ ਦਸਤਾਰ (ਪੱਗ) ਬੰਨ੍ਹਣ ਦੇ ਜੱਜ ਦੀ ਭੂਮਿਕਾ ਗੁਰਪ੍ਰੀਤ ਸਿੰਘ ਸਿੱਧੂ, ਹੀਰਾ ਸਿੰਘ ਅਤੇ ਸਰਬਜੀਤ ਸਿੰਘ ਗਗਨ ਨੇ ਨਿਭਾਈ।ਜੂਨੀਅਰ ਵਿੱਚ ਸਭ ਤੋਂ ਸੋਹਣੀ ਦਸਤਾਰ (ਪੱਗ) ਸਜਾਉਣ ਵਿੱਚ ਪਹਿਲੇ ਸਥਾਨ ਤੇ ਸਹਿਜਪ੍ਰੀਤ ਸਿੰਘ, ਦੂਜੇ ਸਥਾਨ ਤੇ ਹਰਕੀਰਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅਤੇ ਤੀਜੇ ਸਥਾਨ ਹਰਕੀਰਤ ਸਿੰਘ ਨੇ ਹਾਸਲ ਕੀਤਾ। ਇਸੇ ਤਰ੍ਹਾਂ ਸੀਨੀਅਰ ਵਿੱਚ ਸਭ ਤੋਂ ਸੋਹਣੀ ਦਸਤਾਰ (ਪੱਗ) ਸਜਾਉਣ ਵਿੱਚ ਪਹਿਲੇ ਸਥਾਨ ਤੇ ਅਰਸ਼ਦੀਪ ਸਿੰਘ, ਦੂਜੇ ਸਥਾਨ ਤੇ ਗੁਰਟੇਕ ਸਿੰਘ ਅਤੇ ਤੀਜੇ ਸਥਾਨ ਤੇ ਸੁਖਮਨਵੀਰ ਸਿੰਘ ਨੌਜਵਾਨ ਰਹੇ।ਜੂਨੀਅਰ ਅਤੇ ਸੀਨੀਅਰ ਵਿੱਚ ਸਭ ਤੋਂ ਸੋਹਣੀ ਦਸਤਾਰ (ਪੱਗ) ਸਜਾਉਣ ਵਿੱਚ ਪਹਿਲੇ, ਦੂਜੇ ਸਥਾਨ ਅਤੇ ਤੀਜੇ ਸਥਾਨ ਰਹਿਣ ਵਾਲੇ ਨੌਜਵਾਨਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਨੇ ਇਨਾਮਾਂ ਦੀ ਵੰਡ ਕੀਤੀ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਰੋਜ਼ਾਨਾ ਸ਼ਾਮ 3:00 ਵਜੇ ਤੋਂ ਸ਼ਾਮ 6:00 ਵਜੇ ਤੱਕ, ਸਾਰਸ ਮੇਲਾ 2025 ਰਚਨਾਤਮਕਤਾ ਅਤੇ ਪਰੰਪਰਾ ਦਾ ਜਸ਼ਨ ਮਨਾਉਣ ਵਾਲੀਆਂ ਦਿਲਚਸਪ ਵਰਕਸ਼ਾਪਾਂ ਅਤੇ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਰਿਹਾ ਹੈ। ਜਿਸ ਵਿੱਚ ਸੋਮਵਾਰ ਨੂੰ ਨੌਜਵਾਨਾਂ ਨੇ ਸ਼ਮੂਲੀਅਤ ਕਰਕੇ ਸਭ ਤੋਂ ਸੋਹਣੀ ਦਸਤਾਰ (ਪੱਗ) ਬੰਨ੍ਹਣ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਹੈ। ਉਨ੍ਹਾਂ ਦੱਸਿਆ ਕਿ 7 ਅਕਤੂਬਰ ਨੂੰ ਇੱਕ ਲਾਈਵ ਮਿੱਟੀ ਦੇ ਬਰਤਨ ਵਰਕਸ਼ਾਪ ਮਿੱਟੀ ਦੀ ਕਲਾ ਦੀ ਪੜਚੋਲ ਕਰੇਗੀ। ਰਚਨਾਤਮਕਤਾ 8 ਅਕਤੂਬਰ ਨੂੰ ਇੱਕ ਬੋਤਲ ਪੇਂਟਿੰਗ ਮੁਕਾਬਲੇ, 9 ਅਕਤੂਬਰ ਨੂੰ ਇੱਕ ਮਹਿੰਦੀ ਮੁਕਾਬਲੇ ਅਤੇ 10 ਅਕਤੂਬਰ ਨੂੰ ਇੱਕ ਰੰਗੋਲੀ ਮੁਕਾਬਲੇ ਨਾਲ ਜਾਰੀ ਰਹਿਣਗੇ। 11 ਅਕਤੂਬਰ ਨੂੰ ਇੱਕ ਓਰੀਗਾਮੀ ਵਰਕਸ਼ਾਪ ਇੱਕ ਵਿਲੱਖਣ ਸ਼ਿਲਪਕਾਰੀ ਅਨੁਭਵ ਪ੍ਰਦਾਨ ਕਰੇਗੀ, ਜਿਸ ਤੋਂ ਬਾਅਦ 12 ਅਕਤੂਬਰ ਨੂੰ ਇੱਕ ਫੇਸ ਪੇਂਟਿੰਗ ਮੁਕਾਬਲਾ ਹੋਵੇਗਾ। ਤਿਉਹਾਰ 13 ਅਕਤੂਬਰ ਨੂੰ ਇੱਕ ਫੋਟੋਗ੍ਰਾਫੀ ਮੁਕਾਬਲੇ ਨਾਲ ਸਮਾਪਤ ਹੋਵੇਗਾ, ਜੋ ਮੇਲੇ ਦੀ ਜੀਵੰਤ ਭਾਵਨਾ ਨੂੰ ਕੈਦ ਕਰੇਗਾ।