ਜਲੰਧਰ, 19 ਸਤੰਬਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਇਥੇ ਰੈੱਡ ਕਰਾਸ ਭਵਨ ਵਿਖੇ ਟੀ.ਬੀ. ਦੀ ਬਿਮਾਰੀ ਤੋਂ ਪੀੜਤ 327 ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਬਿਮਾਰੀ ਦਾ ਪਤਾ ਲੱਗਦੇ ਹੀ ਜਲਦ ਤੋਂ ਜਲਦ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟੀ.ਬੀ. ਦੇ ਮਰੀਜ਼ਾਂ ਨੂੰ ਹਰ ਮਹੀਨੇ ਮੁਫ਼ਤ ਪੋਸ਼ਣ ਕਿੱਟਾਂ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ, ਜਿਸ ਤਹਿਤ ਅੱਜ 327 ਮਰੀਜ਼ਾਂ ਨੂੰ ਦੋ ਮਹੀਨੇ ਲਈ 654 ਪੋਸ਼ਣ ਕਿੱਟਾਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪੋਸ਼ਣ ਵੰਡ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਜਾਰੀ ਰਹੇਗੀ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਰੋਹਿਤ ਜਿੰਦਲ ਨੇ ਕਿਹਾ ਕਿ ਟੀ.ਬੀ. ਦੀ ਬਿਮਾਰੀ ਕਾਰਨ ਮਰੀਜ਼ ’ਚ ਬਿਮਾਰੀ ਵਿਰੁੱਧ ਲੜਨ ਦੀ ਸਮਰੱਥਾ ਘਟ ਜਾਂਦੀ ਹੈ, ਇਸ ਲਈ ਉਸ ਨੂੰ ਦਵਾਈ ਦੇ ਨਾਲ-ਨਾਲ ਚੰਗੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਰਿਤੂ ਨੇ ਟੀ.ਬੀ. ਦੇ ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ, ਜਿਸ ਦੇ ਲਈ ਰੋਗੀ ਦੀ ਸਮੇਂ ਸਿਰ ਪਛਾਣ ਹੋਣਾ ਜ਼ਰੂਰੀ ਹੈ। ਇਸ ਦੇ ਲਈ ਬਿਨਾਂ ਦੇਰੀ ਤੋਂ ਸਿਵਲ ਹਸਪਤਾਲ ’ਚ ਜਾਂਚ ਕਰਵਾ ਕੇ ਪੂਰਾ ਇਲਾਜ ਕਰਵਾਉਣਾ ਚਾਹੀਦਾ ਹੈ।ਇਸ ਤੋਂ ਪਹਿਲਾਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਡਾ. ਸੁਰਜੀਤ ਲਾਲ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਉਨ੍ਹਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤੀਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸੁਸਾਇਟੀ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਕੂਲ, ਓਲਡ ਏਜ ਹੋਮ, ਪ੍ਰਯਾਸ ਸਕੂਲ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਲਾਈਫ ਸੇਵਿੰਗ ਸਕਿੱਲ ਬਾਰੇ ਸਿਖਲਾਈ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਦਾ ਸਮੂਹ ਸਟਾਫ਼ ਵੀ ਮੌਜੂਦ ਸੀ।