ਖੰਨਾ, (ਲੁਧਿਆਣਾ), 18 ਸਤੰਬਰ:ਬਲਾਕ ਖੰਨਾ 1 ਦੇ ਸਰਕਾਰੀ ਅਧਿਆਪਕਾਂ ਵੱਲੋਂ ਬਲਾਕ ਨੋਡਲ ਅਫਸਰ ਵਿਸ਼ਾਲ ਵਸ਼ਿਸਟ ਦੀ ਅਗਵਾਈ ਹੇਠ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ 2,02,700 ਰੁਪਏ ਦੀ ਰਾਸ਼ੀ ਦਾ ਚੈੱਕ ਮੁੱਖ ਮੰਤਰੀ ਰਾਹਤ ਫੰਡ ਲਈ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰਂ ਸੌਂਪਿਆ। ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਰਕਾਰੀ ਅਧਿਆਪਕ ਸਿੱਖਿਆ ਵਿਭਾਗ ਦਾ ਮਾਣ ਹਨ। ਇਹਨਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਸਰਕਾਰੀ ਅਧਿਆਪਕਾਂ ਨੇ ਪਹਿਲਾਂ ਵੀ ਆਪਣੇ ਸਕੂਲਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਹਨਾਂ ਬਾਕੀ ਸੰਸਥਾਵਾਂ ਨੂੰਂ ਵੀ ਅਪੀਲ ਕੀਤੀ ਕਿ ਉਹ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਇਸ ਮੁਸ਼ਕਿਲ ਘੜੀ ਨੂੰਂ ਇੱਕ ਦੂਜੇ ਦੇ ਸਹਿਯੋਗ ਨਾਲ ਪਾਰ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਮੁਸੀਬਤ ਦੀ ਘੜੀ ਵਿੱਚ ਲੋਕਾਂ ਨਾਲ ਖ਼ੜ੍ਹਨਾ ਪੰਜਾਬੀਆਂ ਦੇ ਖ਼ੂਨ ਵਿੱਚ ਹੈ ਅਤੇ ਉਹ ਹਮੇਸ਼ਾਂ ਪੀੜਤ ਲੋਕਾਂ ਦੀ ਮਦਦ ਲਈ, ਭਾਵੇਂ ਉਹ ਦੇਸ਼-ਵਿਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦੇ ਹੋਣ, ਮਦਦ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਵੀ ਜਦੋਂ ਪੰਜਾਬ ਵਾਸੀਆਂ ‘ਤੇ ਹੜ੍ਹਾਂ ਕਾਰਨ ਮੁਸੀਬਤ ਆਈ ਹੈ ਤਾਂ ਪੰਜਾਬ ਦੇ ਲੋਕ ਵਧ ਚੜ੍ਹ ਕੇ ਆਪਣੇ ਭਰਾਵਾਂ ਦੀ ਮਦਦ ਕਰ ਰਹੇ ਹਨ।ਇਸ ਮੌਕੇ ਬਲਾਕ ਨੋਡਲ ਅਫਸਰ ਖੰਨਾ 1 ਵਿਸ਼ਾਲ ਵਸ਼ਿਸਟ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਡਿੰਪਲ ਮਦਾਨ ਦੇ ਯਤਨਾਂ ਸਦਕਾ ਸਮੂਹ ਬਲਾਕ ਖੰਨਾ 1 ਦੇ ਅਧਿਆਪਕਾਂ ਨੇ ਇਹ ਰਾਸ਼ੀ ਇਕੱਠੀ ਕਰਕੇ ਦਿੱਤੀ ਹੈ। ਇਹ ਸਹਾਇਤਾ ਰਾਸ਼ੀ ਦੇਣ ਸਮੇਂ ਅਮਰਿੰਦਰ ਸਿੰਘ ਚਾਹਲ, ਕੁਲਵੰਤ ਸਿੰਘ ਮਹਿਮੀ, ਪ੍ਰਿੰਸੀਪਲ ਡਾ. ਚਰਨਜੀਤ ਸਿੰਘ, ਪ੍ਰਿੰਸੀਪਲ ਰਜਿੰਦਰ ਸਿੰਘ, ਪ੍ਰਿੰਸੀਪਲ ਕੁਸੁਮ ਟਾਂਕ, ਹੈੱਡਮਾਸਟਰ ਬਲਵਿੰਦਰ ਸਿੰਘ, ਜਸਵਿੰਦਰ ਕੌਰ, ਸ਼ਾਲੂ, ਗੁਰਵਿੰਦਰ ਸਿੰਘ, ਭਾਰਤੀ ਟੰਡਨ, ਜਤਿੰਦਰ ਕੁਮਾਰ, ਸ਼ਿਵ ਆਦਿ ਹਾਜਰ ਸਨ।