ਖੰਨਾ, (ਲੁਧਿਆਣਾ), 02 ਸਤੰਬਰ :ਲਗਾਤਾਰ ਭਾਰੀ ਮੀਂਹ ਪੈਣ ਕਾਰਨ ਪੈਦਾ ਹੋਈ ਸਥਿਤੀ ਸਬੰਧੀ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੰਗਲਵਾਰ ਨੂੰ ਖੰਨਾ ਵਿਖੇ ਗੈਬ ਦੀ ਪੁਲੀ ‘ਤੇ ਜਾ ਕੇ ਪਾਣੀ ਦੀ ਨਿਕਾਸੀ ਸਬੰਧੀ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ਼ਿਖਾ ਭਗਤ, ਉਪ ਮੰਡਲ ਮੈਜਿਸਟਰੇਟ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ, ਡਰੇਨਜ ਵਿਭਾਗ ਤੋਂ ਐਸ.ਡੀ.ਓ ਜਸਕਰਨ ਸਿੰਘ ਸੇਖੋਂ, ਬੀ.ਡੀ.ਪੀ.ਓ ਸਤਵਿੰਦਰ ਸਿੰਘ ਕੰਗ, ਕਾਰਜ ਸਾਧਕ ਅਫਸਰ ਗੁਰਬਖਸ਼ੀਸ਼ ਸਿੰਘ, ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਦੀ ਗੈਬ ਪੁਲੀ ਦਾ ਜਾਇਜ਼ਾ ਲੈਣ ਤੋਂ ਬਾਅਦ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨੂੰ ਉਨ੍ਹਾਂ ਨੂੰ ਆਦੇਸ਼ ਕਿ ਉਹ ਇੱਕ ਵਾਰੀ ਹੋਰ ਗੈਬ ਦੀ ਪੁਲੀ ਦੀ ਚੰਗੀ ਤਰ੍ਹਾਂ ਸਫਾਈ ਕਰਵਾਉਣ ਤਾਂ ਜੋ ਪਾਣੀ ਦੀ ਨਿਕਾਸੀ ਸਬੰਧੀ ਕੋਈ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਨੇ ਮੀਟਿੰਗ ਦੌਰਾਨ ਟੈਲੀਫੋਨ ‘ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆਂ (ਐਨ.ਐਚ.ਏ.ਆਈ) ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਖੰਨਾ ਵਿਖੇ ਹਾਈਵੇਅ ਨਾਲ ਲੱਗ ਬਣੇ ਡਰੇਨਾਂ ਨੂੰ ਤੁਰੰਤ ਸਾਫ ਕਰਵਾਉਣ ਅਤੇ ਟੁੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ ਕਰਵਾਉਣ ਨੂੰ ਯਕੀਨੀ ਬਣਾਉਣ।
ਕੈਬਨਿਟ ਮੰਤਰੀ ਸੌਂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2023 ਵਿੱਚ ਨਹਿਰ ਦਾ ਇੱਕ ਕਿਨਾਰਾ ਟੁੱਟਣ ਕਾਰਨ ਇਸ ਖੇਤਰ ਵਿੱਚ ਪਾਣੀ ਆਇਆ ਸੀ ਉਦੋਂ ਅਸੀਂ ਸਾਰਿਆਂ ਨੇ ਦਿਨ-ਰਾਤ ਮਿਹਨਤ ਕਰਕੇ ਜੇ.ਬੀ.ਸੀ ਨਾਲ ਲੰਬੀਆਂ ਖਾਈਆਂ ਪੁੱਟਕੇ ਪਾਣੀ ਗੈਬ ਦੀ ਪੁਲੀ ਤੋਂ ਬਾਹਰਵਾਰ ਖੇਤਾਂ ਵਿੱਚ ਲੈ ਗਏ ਸੀ। ਉਨ੍ਹਾਂ ਕਿਹਾ ਕਿ ਹਾਲੇ ਤੱਕ ਖੰਨਾ ਵਿੱਚ ਕੋਈ ਵੀ ਫਿਕਰ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਗੈਬ ਦੀ ਪੁਲੀ ਦੀ ਸਫ਼ਾਈ ਬਰਸਾਤਾਂ ਤੋਂ ਪਹਿਲਾਂ ਪ੍ਰਸ਼ਾਸਨ ਵਲੋਂ ਕਰਵਾ ਦਿੱਤੀ ਗਈ ਸੀ। ਅੱਜ ਫੇਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇੱਕ ਵਾਰੀ ਫਿਰ ਗੈਬ ਪੁਲੀ ਦੀ ਸਫ਼ਾਈ ਕਰਵਾਉਣ। ਤਰੁਨਪ੍ਰੀਤ ਸਿੰਘ ਸੌਂਦ ਨੇ ਅੱਗੇ ਕਿਹਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆਂ (ਐਨ.ਐਚ.ਏ.ਆਈ) ਵੱਲੋਂ ਲੋਕਾਂ ਤੋਂ ਕਰੋੜਾਂ ਰੁਪਏ ਦਾ ਟੋਲ ਟੈਕਸ ਇਕੱਠਾ ਕਰਨ ਦੇ ਬਾਵਜੂਦ ਵੀ ਟੁੱਟੀਆਂ ਸੜਕਾਂ ਦੀ ਮੁਰੰਮਤ ਨਹੀਂ ਕਰਵਾਈ ਜਾਂਦੀ। ਉਨ੍ਹਾਂ ਕਿਹਾ ਸਾਡੇ ਵੱਲੋਂ ਐਨ.ਐਚ.ਏ.ਆਈ ਦੇ ਅਧਿਕਾਰੀਆਂ ਨੂੰ ਸੜਕਾਂ ਦੀ ਮੁਰੰਮਤ ਕਰਨ ਸਬੰਧੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। ਮੰਤਰੀ ਸੌਂਦ ਨੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਜੇਕਰ ਉਹ ਉਨ੍ਹਾਂ ਦੇ ਅਧੀਨ ਆਉਂਦੀਆਂ ਸੜਕਾਂ ਦੀ ਮੁਰੰਮਤ ਕਰਦੇ ਹਨ ਤਾਂ ਠੀਕ ਹੈ, ਨਹੀਂ ਫਿਰ ਉਨ੍ਹਾਂ ਵੱਲੋਂ ਸਖ਼ਤ ਕਦਮ ਚੁੱਕੇ ਜਾਣਗੇ।ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਦਾ ਸਰਹੱਦੀ ਇਲਾਕਾ ਹੜ੍ਹਾਂ ਦੀ ਮਾਰ ਹੇਠ ਹੈ।
ਪੰਜਾਬ ਦੀ ਧਰਤੀ ਦੀ ਸਤ੍ਹਾ ਨੀਵੀਂ ਹੋਣ ਕਾਰਨ ਨਾਲ ਲੱਗਦੇ ਉਚਾਣ ਵਾਲੇ ਰਾਜਾਂ ਤੋਂ ਪਾਣੀ ਬਹੁਤ ਹੀ ਤੇਜ਼ੀ ਨਾਲ ਆਉਂਦਾ ਹੈ। ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਸੋ ਉਸ ਦਾ ਖਮਿਆਜਾ ਅਸੀਂ ਭੁਗਤ ਰਹੇ ਹਾਂ। ਕਿਉਂਕਿ ਕੁਦਰਤ ਕਦੇ ਖਾਲੀ ਜਗ੍ਹਾ ਨਹੀਂ ਛੱਡਦੀ।ਉਨ੍ਹਾਂ ਕਿਹਾ ਕਿ ਅੱਜ ਇਸ ਕਰੋਪੀ ਦੇ ਸਮੇਂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ, ਵਿਧਾਇਕ ਅਤੇ ਆਗੂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਖ਼ੁਦ ਦੀ ਡਿਊਟੀ ਫਾਜ਼ਿਲਕਾ ਖੇਤਰ ਵਿੱਚ ਲੱਗੀ ਹੋਈ ਹੈ। ਫਾਜ਼ਿਲਕਾ ਅਤੇ ਜਲਾਲਾਬਾਦ ਖੇਤਰ ਵਿੱਚ ਜੋ ਨੁਕਸਾਨ ਹੋਇਆ ਹੈ ਉੱਥੇ ਖੰਨਾ ਦੀ ਟੀਮ ਜਾ ਰਹੀ ਹੈ। ਇਸ ਸਮੇਂ ਪੰਜਾਬ ਦੀ ਹਾਲਤ ਬਹੁਤ ਮਾੜੀ ਹੈ। ਜਦੋਂ ਦੇਸ਼ ਨੂੰ ਕਿਸੇ ਕਿਸਮ ਦੀ ਵੀ ਲੋੜ ਸੀ ਉਦੋਂ ਪੰਜਾਬ ਨੇ ਜੇਠਾ ਪੁੱਤਰ ਬਣਕੇ ਦੇਸ਼ ਦੀ ਮਦਦ ਕੀਤੀ ਜਦੋਂ ਅੱਜ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਤਾਂ ਕੇਂਦਰ ਸਰਕਾਰ ਨੇ ਹੁਣ ਤੱਕ ਕੋਈ ਪਹੁੰਚ ਨਹੀਂ ਕੀਤੀ।
ਪੰਜਾਬ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਾ ਹਰਿਆਣਾ ਪਾਣੀ ਦਾ ਹਿੱਸਾ ਮੰਗਦਾ ਸੀ ਪਰ ਜਦੋਂ ਡੁੱਬਣ ਦੀ ਵਾਰੀ ਆਈ ਫਿਰ ਨਾ ਹੀ ਰਾਜਸਥਾਨ ਨੂੰ ਪਾਣੀ ਚਾਹੀਦਾ ਹੈ ਅਤੇ ਨਾ ਹੀ ਹਰਿਆਣਾ ਨੂੰ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੈਂ ਪੰਜਾਬੀਆਂ ਨੂੰ ਸਲੂਟ ਕਰਦਾ ਹਾਂ ਕਿ ਉਹ ਰਾਸ਼ਣ, ਪਾਣੀ, ਫੀਡ ਅਤੇ ਚਾਰੇ ਦੀਆਂ ਟਰਾਲੀਆਂ ਲਿਜਾ ਕੇ ਹੜ੍ਹ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਕੰਮ ਕਰ ਰਹੇ ਹਨ।ਵਧੀਕ ਡਿਪਟੀ ਕਮਿਸ਼ਨਰ ਖੰਨਾ ਸ਼ਿਖਾ ਭਗਤ ਅਤੇ ਉਪ ਮੰਡਲ ਮੈਜਿਸਟਰੇਟ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਖੰਨਾ ਦਾ ਸਾਰਾ ਪ੍ਰਸ਼ਾਸਨ ਹਰ ਸਮੇਂ ਲੋਕਾਂ ਦੀ ਮੱਦਦ ਲਈ ਹਾਜ਼ਰ ਅਤੇ ਤੱਤਪਰ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਖੰਨਾ ਵਿਖੇ ਬਿਜਲੀ ਗਰਿੱਡ ਵਿੱਚ ਪਾਣੀ ਭਰਨ ਕਾਰਨ ਬਿਜਲੀ ਸਪਲਾਈ ਵਿੱਚ ਦਿੱਕਤ ਆ ਗਈ ਸੀ ਪਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਸਮੇਂ ਸਿਰ ਚਾਲੂ ਕਰਵਾ ਦਿੱਤਾ ਗਿਆ ਸੀ। ਇਸ ਤਰ੍ਹਾਂ ਗੈਬ ਦੀ ਪੁਲੀ ਦੀ ਸਫਾਈ ਹੋਵੇ ਜਾਂ ਨੀਵੇਂ ਇਲਾਕਿਆਂ ਵਿੱਚੋਂ ਪਾਣੀ ਕੱਢਣ ਦੀ ਸਮੱਸਿਆ ਹੋਵੇ ਉਸ ‘ਤੇ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੰਨਾ ਦਾ ਕੰਟਰੋਲ ਰੂਮ ਨੰਬਰ 01628-221343 ਹੈ। ਮੁਸ਼ਕਲ ਦੇ ਸਮੇਂ ਵਿੱਚ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ, ਕੌਂਸਲਰ ਪਰਮਪ੍ਰੀਤ ਸਿੰਘ ਪੌਪੀ, ਕੌਂਸਲਰ ਸੁਖਮਨਜੀਤ ਸਿੰਘ, ਕੌਂਸਲਰ ਸਰਵਦੀਪ ਸਿੰਘ ਕਾਲੀਰਾਓ, ਕੌਂਸਲਰ ਜਤਿੰਦਰ ਪਾਠਕ, ਕੌਂਸਲਰ ਸੁਨੀਲ ਕੁਮਾਰ ਨੀਟਾ, ਕੌਂਸਲਰ ਸੁਰਿੰਦਰ ਬਾਵਾ, ਓ.ਐਸ.ਡੀ ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਜੀਤ, ਆੜ੍ਹਤੀਆਂ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਹਰਜੀਤ ਸਿੰਘ ਭਾਟੀਆ, ਮਲਕੀਤ ਸਿੰਘ ਮੀਤਾ, ਗੁਰਦੀਪ ਸਿੰਘ ਦੀਪੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।