ਜਲੰਧਰ, 7 ਅਗਸਤ : ਭਾਰਤੀ ਮਾਣਕ ਬਿਊਰੋ (ਬੀ.ਆਈ.ਐਸ.), ਜੰਮੂ ਅਤੇ ਕਸ਼ਮੀਰ ਬ੍ਰਾਂਚ ਦਫ਼ਤਰ ਵੱਲੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਅਧਿਕਾਰੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਏ ਪ੍ਰੋਗਰਾਮ ਦੀ ਪ੍ਰਧਾਨਗੀ ਐਸ.ਡੀ.ਐਮ. ਆਦਮਪੁਰ ਵਿਵੇਕ ਕੁਮਾਰ ਮੋਦੀ (ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ) ਵੱਲੋਂ ਕੀਤੀ ਗਈ। ਉਨ੍ਹਾਂ ਬੀ.ਆਈ.ਐਸ. ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਜਨਤਕ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਦੀ ਗੁਣਵੱਤਾ ਅਤੇ ਸੁਰੱਖਿਆ ’ਚ ਵਾਧਾ ਕਰਨ ਲਈ ਭਾਰਤੀ ਮਾਣਕਾਂ ਦੀ ਪਾਲਣਾ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਬੀ.ਆਈ.ਐਸ. ਜੰਮੂ-ਕਸ਼ਮੀਰ ਬ੍ਰਾਂਚ ਦੇ ਡਾਇਰੈਕਟਰ ਅਤੇ ਮੁਖੀ ਤਿਲਕ ਰਾਜ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਮਾਨਕੀਕਰਨ, ਗੁਣਵੱਤਾ ਭਰੋਸਾ ਅਤੇ ਖਪਤਕਾਰ ਸੁਰੱਖਿਆ, ਖਾਸ ਕਰ ਜਨਤਕ ਉਪਯੋਗਤਾ ਸੇਵਾਵਾਂ ਵਿੱਚ, ਨੂੰ ਉਤਸ਼ਾਹਿਤ ਕਰਨ ਵਿੱਚ ਬੀ.ਆਈ.ਐਸ. ਦੀ ਮਹੱਤਵਪੂਰਣ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਬਿਹਤਰ ਸੇਵਾਵਾਂ ਪ੍ਰਦਾਨ ਕਰਨ, ਖਪਤਕਾਰ ਸੁਰੱਖਿਆ ਅਤੇ ਗੁਣਵੱਤਾ-ਆਧਾਰਤ ਖ਼ਰੀਦ ਅਭਿਆਸਾਂ ਲਈ ਜ਼ਿਲ੍ਹਾ-ਪੱਧਰੀ ਅਧਿਕਾਰੀਆਂ ਦੀ ਤਕਨੀਕੀ ਸਮਰੱਥਾ ਵਧਾਉਣ ਵਿੱਚ ਇਸ ਸਮਰੱਥਾ ਨਿਰਮਾਣ ਪਹਿਲਕਦਮੀ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ।
ਉਨ੍ਹਾਂ ਸੁਰੱਖਿਆ, ਟਿਕਾਊਪਣ ਅਤੇ ਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਾਰੀਆਂ ਸਰਕਾਰੀ ਖ਼ਰੀਦ ਪ੍ਰਕਿਰਿਆਵਾਂ ਵਿੱਚ ਆਈ.ਐਸ.ਆਈ. ਮਾਰਕ ਉਤਪਾਦਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਤਿਲਕ ਰਾਜ ਵੱਲੋਂ ਬੀ.ਆਈ.ਐਸ. ਗਤੀਵਿਧੀਆਂ ਬਾਰੇ ਇੱਕ ਵਿਸਥਾਰਤ ਪੇਸ਼ਕਾਰੀ ਵੀ ਦਿੱਤੀ ਗਈ, ਜਿਸ ਵਿੱਚ ਮਾਣਕ ਨਿਰਮਾਣ, ਉਤਪਾਦ ਪ੍ਰਮਾਣੀਕਰਣ, ਹਾਲਮਾਰਕਿੰਗ, ਪ੍ਰਯੋਗਸ਼ਾਲਾ ਟੈਸਟਿੰਗ ਅਤੇ ਖਪਤਕਾਰ ਪਹੁੰਚ ਪਹਿਲਕਦਮੀਆਂ ਵਰਗੇ ਮੁੱਖ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ।
ਇਸ ਪ੍ਰੋਗਰਾਮ ’ਚ ਪੇਂਡੂ ਵਿਕਾਸ, ਖੇਤੀਬਾੜੀ, ਜੰਗਲਾਤ, ਸਿਹਤ, ਲੋਕ ਨਿਰਮਾਣ, ਸਿੱਖਿਆ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਨੁਮਾਇੰਦਿਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਹ ਪਹਿਲਕਦਮੀ ਕੁਆਲਿਟੀ ਕਨੈਕਟ ਉਪਰਾਲੇ ਤਹਿਤ ਬੀ.ਆਈ.ਐਸ. ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹੈ, ਜਿਸਦਾ ਉਦੇਸ਼ ਸਰਕਾਰੀ ਕਰਮਚਾਰੀਆਂ ਨੂੰ ਪ੍ਰਸ਼ਾਸਨ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਮਾਣਕਾਂ ਨੂੰ ਲਾਗੂ ਕਰਨ ਲਈ ਜ਼ਰੂਰੀ ਜਾਣਕਾਰੀ ਅਤੇ ਸਾਧਨਾਂ ਜਾਣੂ ਕਰਵਾਉਣਾ ਅਤੇ ਲੈਸ ਕਰਨਾ ਹੈ।