ਅੰਮ੍ਰਿਤਸਰ –ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਿਵਲ ਹਸਪਤਾਲ ਅੰਮ੍ਰਿਤਸਰ ਦਾ ਅਚਾਨਕ ਦੌਰਾ ਕੀਤਾ ਅਤੇ ਐਮਰਜੈਂਸੀ ਵਾਰਡ ਦੀ ਚੈਕਿੰਗ ਕਰਦਿਆਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਹੋਏ ਤੁਰੰਤ ਹੀ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਇੰਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਤੁਰੰਤ ਕੀਤਾ ਜਾਵੇ ਅਤੇ ਕਿਸੇ ਵੀ ਮਰੀਜ਼ ਨੂੰ ਕੋਈ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਡੀ. ਸੀ ਨੇ ਉਥੇ ਚੱਲ ਰਹੇ ਆਕਸੀਜਨ ਪਲਾਂਟ ਦਾ ਨਿਰੀਖਣ ਕਰਦੇ ਹੋਏ ਸੰਬੰਧਤ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ-ਸਮੇਂ ਸਿਰ ਆਕਸੀਜਨ ਪਲਾਂਟ ਦੀ ਜਾਂਚ ਕਰਵਾਉਣ ਤਾਂ ਜੋ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਡੀ. ਸੀ ਨੇ ਹਸਪਾਲ ਵਿਖੇ ਇਲਾਜ ਕਰਵਾਉਣ ਵਾਲੇ ਮਰੀਜਾਂ ਕੋਲੋ ਹਸਪਤਾਲ ਅੰਦਰੋ ਹੀ ਦਵਾਈ ਲੈਣ ਸੰਬੰਧੀ ਫੀਡ ਬੈਕ ਵੀ ਲਈ ਗਈ ਅਤੇ ਡਾਕਟਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਸਪਤਾਲ ਵਿਖੇ ਆਉਣ ਵਾਲੇ ਮਰੀਜਾਂ ਨੂੰ ਦਵਾਈ ਹਸਪਤਾਲ ਤੋਂ ਹੀ ਮਿਲੇ ਤਾਂ ਜੋ ਉਨ੍ਹਾਂ ਨੂੰ ਦਵਾਈ ਲਈ ਬਾਹਰ ਨਾ ਜਾਣਾ ਪਵੇ। ਡੀ. ਸੀ ਨੇ ਹਸਪਤਾਲ ਦੇ ਸਟਾਫ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਇੱਥੇ ਇਲਾਜ ਕਰਵਾਉਣ ਆਏ ਹੋਏ ਮਰੀਜ਼ਾਂ ਨਾਲ ਹਲੀਮੀ ਨਾਲ ਪੇਸ਼ ਆਇਆ ਜਾਵੇ।
ਡੀ. ਸੀ ਨੇ ਸਿਵਲ ਹਸਪਤਾਲ ਦਾ ਨਿਰੀਖਣ ਕਰਦਿਆਂ ਪਾਣੀ ਦੀ ਲੀਕੇਜ਼ ਨੂੰ ਦੇਖਦੇ ਹੋਏ ਤੁਰੰਤ ਹੀ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕਰ ਕੇ ਹਦਾਇਤ ਕੀਤੀ ਕਿ ਅੱਜ ਹੀ ਪਾਣੀ ਦੀ ਲੀਕੇਜ਼ ਨੂੰ ਠੀਕ ਕੀਤਾ ਜਾਵੇ। ਉਨ੍ਹਾਂ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਸ਼ਮੀ ਨੂੰ ਹਦਾਇਤ ਕੀਤੀ ਕਿ ਹਸਪਤਾਲ ਅੰਦਰ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਸੀਨੀਅਰ ਮੈਡੀਕਲ ਅਫਸਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਐਮਰਜੈਂਸੀ ਵਾਰਡ ਦੇ ਬਾਹਰਵਾਰ ਕੋਈ ਵਾਹਨ ਪਾਰਕ ਨਹੀ ਹੋਣਾ ਚਾਹੀਦਾ ਤਾਂ ਜੋ ਐਮਰਜੈਂਸੀ ਵਾਰਡ ਵਿਚ ਆਉਣ ਵਾਲੇ ਮਰੀਜਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਨੇ ਸਿਵਲ ਹਸਪਤਾਲ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ ਅਤੇ ਸਾਰੇ ਵਿਕਾਸ ਕਾਰਜਾਂ ਨੂੰ ਸਮੇ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਮਰੀਜ਼ ਨੂੰ ਰੈਫਰ ਕਰਨ ਤੋਂ ਪਹਿਲਾਂ ਡਾਕਟਰਾਂ ਤਾਂ ਹੋਣਾ ਚਾਹੀਦਾ ਹੈ ਆਪਸੀ ਤਾਲਮੇਲ : ਡੀ. ਸੀ ਨੇ ਸਿਵਲ ਹਸਪਤਾਲ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਜਦੋ ਵੀ ਸਿਵਲ ਹਸਪਤਾਲ ਤੋਂ ਕਿਸੇ ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕੀਤਾ ਜਾਂਦਾ ਹੈ ਤਾਂ ਸੰਬੰਧਤ ਡਾਕਟਰ ਵਲੋਂ ਪਹਿਲਾਂ ਗੁਰੂ ਨਾਨਕ ਦੇਵ ਹਸਪਤਾਲ ਨਾਲ ਤਾਲਮੇਲ ਕੀਤਾ ਜਾਵੇ ਅਤੇ ਰੈਫਰ ਕੀਤੇ ਜਾਣ ਵਾਲੇ ਮਰੀਜ਼ ਨੂੰ ਐਬੂਲੈਸ ਰਾਹੀ ਹੀ ਸਿਫਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੋਵਾਂ ਹਸਪਤਾਲਾਂ ਦੇ ਮੈਡੀਕਲ ਯੂਨਿਟਾਂ ਦੇ ਡਾਕਟਰਾਂ ਦਾ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਮਰੀਜ਼ ਨੂੰ ਰੈਫਰ ਕਰਨ ਸਮੇ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ ਅਤੇ ਮੈਡੀਕਲ ਸਪਰਡੈਂਟ ਡਾ. ਕਰਮਜੀਤ ਸਿੰਘ ਵੀ ਹਾਜ਼ਰ ਸਨ।