ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ ਸੈਸ਼ਨ ਦੀ ਅੱਜ ਆਖਰੀ ਦਿਨ ਦੀ ਕਾਰਵਾਈ ਲਗਾਤਾਰ ਜਾਰੀ ਹੈ। ਕਾਰਵਾਈ ਦੌਰਾਨ ਬੇਅਦਬੀ ਮੁੱਦੇ ‘ਤੇ ਵੱਡੀ ਚਰਚਾ ਹੋ ਰਹੀ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੇਅਦਬੀ ਦੇ ਮੁੱਦੇ ‘ਤੇ ਬਹਿਸ ਲਈ ਦੋ ਘੰਟੇ ਦਾ ਸਮਾਂ ਮੰਗਿਆ ਗਿਆ, ਜਿਸ ਨੂੰ ਲੈ ਕੇ ਭਾਰੀ ਹੰਗਾਮਾ ਵੀ ਹੋਇਆ। ਵਿੱਤ ਮੰਤਰੀ ਨੇ ਬਹਿਸ ਦੌਰਾਨ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਕਿ 2015 ਅਤੇ 16 ਵਿੱਚ ਬਰਗਾੜੀ ਅਤੇ ਬਹਿਬਲ ਕਲਾਂ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਪਰ ਮੇਰਾ ਮੰਨਣਾ ਹੈ ਕਿ ਜਦੋਂ ਧਰਮ ਦੇ ਨਾਮ ‘ਤੇ ਸਰਕਾਰ ਬਣੀ ਤਾਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। 1986 ਵਿੱਚ ਨਕੋਦਰ ਵਿੱਚ ਗੁਰਦੁਆਰਾ ਅਰਜੁਨ ਸਾਹਿਬ ਵਿਚ ਪੰਜ ਪਵਿੱਤਰ ਬੀੜਾਂ ਨੂੰ ਅੱਗ ਲਗਾ ਦਿੱਤੀ ਗਈ। ਇਹ ਮਾਮਲਾ 1986 ਦਾ 2 ਫਰਵਰੀ ਦਾ ਹੈ। ਜਦੋਂ ਲੋਕ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਸਨ।
ਉਸ ਸਮੇਂ ਦੀ ਸਰਕਾਰ ਨੇ ਚਾਰ ਲੋਕਾਂ ਨੂੰ ਮਾਰ ਦਿੱਤਾ। ਸੁਰਜੀਤ ਸਿੰਘ ਬਰਨਾਲਾ ਉਸ ਸਮੇਂ ਮੁੱਖ ਮੰਤਰੀ ਸਨ। ਕੈਪਟਨ ਕੰਵਲਜੀਤ ਗ੍ਰਹਿ ਮੰਤਰੀ ਸਨ, ਸੁਖਜਿੰਦਰ ਸਿੰਘ ਸਿੱਖਿਆ ਮੰਤਰੀ ਸਨ ਪਰ ਕੋਈ ਕਾਰਵਾਈ ਜਾਂ ਐੱਫ਼. ਆਈ. ਆਰ. ਨਹੀਂ ਕੀਤੀ ਗਈ। ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਭੜਕ ਗਏ ਗਏ ਅਤੇ ਵਿੱਤ ਮੰਤਰੀ ਤੇ ਖਹਿਰਾ ਆਹਮੋ-ਸਾਹਮਣੇ ਹੋ ਗਏ। ਉਨ੍ਹਾਂ ਦੋਸ਼ ਲਗਾਉਂਦੇ ਕਿਹਾ ਕਿ ਗਲਤ ਤੱਥ ਪੇਸ਼ ਕੀਤੇ ਜਾ ਰਹੇ ਹਨ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਵਿੱਤ ਮੰਤਰੀ ਗਲਤ ਤੱਥ ਪੇਸ਼ ਕਰ ਰਹੇ ਹਨ। ਜਿਨ੍ਹਾਂ ਲੋਕਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਉਹ ਹੁਣ ਜ਼ਿੰਦਾ ਨਹੀਂ ਹਨ। ਮੇਰੇ ਪਿਤਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ 1984 ਦੀ ਘਟਨਾ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।
ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਸੁਖਪਾਲ ਖਹਿਰਾ ਦੇ ਸਾਥੀ ਗੁਰਦੇਵ ਸਿੰਘ ਵਿਰੁੱਧ 2015 ਵਿੱਚ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ ਤਾਂ ਤੁਸੀਂ ਤਸਕਰਾਂ ਨਾਲ ਢਾਈ ਘੰਟੇ ਗੱਲ ਕਰਦੇ ਸੀ। ਇਹ ਇਕ ਰਿਕਾਰਡ ਹੈ। ਤੁਹਾਡਾ ਜਨਮ ਜ਼ਰੂਰ ਕਿਸੇ ਸ਼ਾਹੀ ਪਰਿਵਾਰ ਵਿੱਚ ਹੋਇਆ ਹੋਵੇਗਾ। ਤੁਸੀਂ ਖ਼ੁਦ 12ਵੀਂ ਪਾਸ ਹੋ। ਤੁਸੀਂ ਆਪਣੀ ਬੀਏ ਦੀ ਡਿਗਰੀ ਲੁਕਾਉਂਦੇ ਹੋ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ 2015 ਵਿੱਚ ਜਦੋਂ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਕੇਸ ਦਰਜ ਹੋਇਆ ਸੀ, ਉਸ ਸਮੇਂ ਸੁਖਪਾਲ ਖਹਿਰਾ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਪੈਰ ਚੱਟੇ ਸਨ।