Dubai News in Punjabi : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸਰਕਾਰ ਨੇ ਇਕ ਨਵੀਂ ਕਿਸਮ ਦਾ ਗੋਲਡਨ ਵੀਜ਼ਾ ਸ਼ੁਰੂ ਕੀਤਾ ਹੈ, ਜੋ ਕੁੱਝ ਸ਼ਰਤਾਂ ਦੇ ਨਾਲ ਨਾਮਜ਼ਦਗੀ ਉਤੇ ਆਧਾਰਤ ਹੋਵੇਗਾ। ਹੁਣ ਤਕ , ਭਾਰਤ ਤੋਂ ਦੁਬਈ ਦਾ ਗੋਲਡਨ ਵੀਜ਼ਾ ਪ੍ਰਾਪਤ ਕਰਨ ਦਾ ਇਕ ਤਰੀਕਾ ਜਾਇਦਾਦ ਵਿਚ ਨਿਵੇਸ਼ ਕਰਨਾ ਸੀ ਜਿਸ ਦੀ ਕੀਮਤ ਘੱਟੋ ਘੱਟ 20 ਲੱਖ ਏ.ਈ.ਡੀ. (4.66 ਕਰੋੜ ਰੁਪਏ) ਹੋਣੀ ਚਾਹੀਦੀ ਹੈ, ਜਾਂ ਦੇਸ਼ ਵਿਚ ਕਾਰੋਬਾਰ ਵਿਚ ਵੱਡੀ ਰਕਮ ਦਾ ਨਿਵੇਸ਼ ਕਰਨਾ ਸੀ।
ਲਾਭਪਾਤਰੀਆਂ ਅਤੇ ਇਸ ਪ੍ਰਕਿਰਿਆ ਨਾਲ ਜੁੜੇ ਲੋਕਾਂ ਨੇ ਦਸਿਆ ਕਿ ਨਵੀਂ ਨਾਮਜ਼ਦਗੀ ਅਧਾਰਤ ਵੀਜ਼ਾ ਨੀਤੀ ਦੇ ਤਹਿਤ ਭਾਰਤੀ ਹੁਣ 1,00,000 ਏ.ਈ.ਡੀ. (ਲਗਭਗ 23.30 ਲੱਖ ਰੁਪਏ) ਦੀ ਫੀਸ ਦੇ ਕੇ ਜੀਵਨ ਭਰ ਲਈ ਯੂ.ਏ.ਈ. ਦੇ ਗੋਲਡਨ ਵੀਜ਼ਾ ਦਾ ਅਨੰਦ ਲੈ ਸਕਦੇ ਹਨ। ਅਧਿਕਾਰੀਆਂ ਨੇ ਦਸਿਆ ਕਿ ਪੰਜ ਹਜ਼ਾਰ ਤੋਂ ਵੱਧ ਭਾਰਤੀ ਤਿੰਨ ਮਹੀਨਿਆਂ ’ਚ ਇਸ ਨਾਮਜ਼ਦਗੀ ਆਧਾਰਤ ਵੀਜ਼ਾ ਲਈ ਅਰਜ਼ੀ ਦੇਣਗੇ।
ਭਾਰਤ ਅਤੇ ਬੰਗਲਾਦੇਸ਼ ਨੂੰ ਇਸ ਵੀਜ਼ਾ ਦੀ ਟੈਸਟਿੰਗ ਦੇ ਪਹਿਲੇ ਪੜਾਅ ਲਈ ਚੁਣਿਆ ਗਿਆ ਹੈ ਅਤੇ ਭਾਰਤ ਵਿਚ ਨਾਮਜ਼ਦਗੀ ਅਧਾਰਤ ਗੋਲਡਨ ਵੀਜ਼ਾ ਦੇ ਸ਼ੁਰੂਆਤੀ ਰੂਪ ਦੀ ਜਾਂਚ ਕਰਨ ਲਈ ਰਯਾਦ ਗਰੁੱਪ ਨਾਮ ਦੀ ਇਕ ਸਲਾਹਕਾਰ ਦੀ ਚੋਣ ਕੀਤੀ ਗਈ ਹੈ। ਰਯਾਦ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਯਾਦ ਕਮਲ ਅਯੂਬ ਨੇ ਕਿਹਾ ਕਿ ਭਾਰਤੀਆਂ ਲਈ ਯੂ.ਏ.ਈ. ਦਾ ਗੋਲਡਨ ਵੀਜ਼ਾ ਪ੍ਰਾਪਤ ਕਰਨ ਦਾ ਇਹ ਸੁਨਹਿਰੀ ਮੌਕਾ ਹੈ।
ਉਨ੍ਹਾਂ ਕਿਹਾ, ‘‘ਜਦੋਂ ਵੀ ਕੋਈ ਬਿਨੈਕਾਰ ਇਸ ਗੋਲਡਨ ਵੀਜ਼ਾ ਲਈ ਅਰਜ਼ੀ ਦਿੰਦਾ ਹੈ, ਤਾਂ ਅਸੀਂ ਪਹਿਲਾਂ ਉਸ ਦੇ ਪਿਛੋਕੜ ਦੀ ਜਾਂਚ ਕਰਾਂਗੇ, ਜਿਸ ਵਿਚ ਮਨੀ ਲਾਂਡਰਿੰਗ ਅਤੇ ਅਪਰਾਧਕ ਰੀਕਾਰਡ ਦੀ ਜਾਂਚ ਦੇ ਨਾਲ-ਨਾਲ ਉਨ੍ਹਾਂ ਦਾ ਸੋਸ਼ਲ ਮੀਡੀਆ ਵੀ ਸ਼ਾਮਲ ਹੋਵੇਗਾ।’’