ਲੁਧਿਆਣਾ, 17 ਜੂਨ, 2025 : ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦੌਰਾਨ ਵੋਟਰਾਂ ਦੀ ਸਹੂਲਤ ਲਈ ਪ੍ਰਸ਼ਾਸਨ ਨੇ ਹਲਕੇ ਵਿੱਚ ਮਾਡਲ, ਗ੍ਰੀਨ, ਪੀ.ਡਬਲਯੂ.ਡੀ ਅਤੇ ਮਹਿਲਾ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਹਨ। ਜ਼ਿਮਨੀ ਚੋਣ ਲਈ ਵੋਟਿੰਗ 19 ਜੂਨ ਨੂੰ ਹੋਵੇਗੀ।
ਵੇਰਵੇ ਦਾ ਖੁਲਾਸਾ ਕਰਦੇ ਹੋਏ ਡਿਪਟੀ ਕਮਿਸ਼ਨਰ (ਡੀ.ਸੀ)-ਕਮ-ਜ਼ਿਲ੍ਹਾ ਚੋਣ ਅਫਸਰ (ਡੀ.ਈ.ਓ) ਹਿਮਾਂਸ਼ੂ ਜੈਨ ਨੇ ਦੱਸਿਆ ਕਿ ਅਪੰਗ ਵਿਅਕਤੀਆਂ (ਪੀ.ਡਬਲਯੂ.ਡੀ) ਪੋਲਿੰਗ ਸਟੇਸ਼ਨ ਦਾ ਪ੍ਰਬੰਧਨ ਸਿਰਫ ਪੀ.ਡਬਲਯੂ.ਡੀ ਸਟਾਫ ਦੁਆਰਾ ਕੀਤਾ ਜਾਵੇਗਾ। ਇਸੇ ਤਰ੍ਹਾਂ ਮਹਿਲਾ ਪੋਲਿੰਗ ਸਟੇਸ਼ਨ ਦਾ ਪ੍ਰਬੰਧਨ ਮਹਿਲਾ ਸਟਾਫ ਦੁਆਰਾ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਅੱਗੇ ਦੱਸਿਆ ਕਿ ਗ੍ਰੀਨ ਪੋਲਿੰਗ ਸਟੇਸ਼ਨ ਵਿੱਚ ਹਰਿਆਲੀ ਅਤੇ ਪੌਦੇ ਲਗਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਹੈਬੋਵਾਲ ਕਲਾਂ, ਗੁੱਜਰਾਂਵਾਲਾ ਗੁਰੂ ਨਾਨਕ ਪਬਲਿਕ ਕੋ-ਐਜੂਕੇਸ਼ਨ ਸਕੂਲ ਗੋਬਿੰਦ ਨਗਰ, ਜੀ.ਜੀ.ਐਨ ਖਾਲਸਾ ਕਾਲਜ (ਲੜਕੇ) ਸਿਵਲ ਲਾਈਨਜ਼, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ ਕੈਂਪ, ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੇੜੇ ਈ.ਐਸ.ਆਈ ਹਸਪਤਾਲ, ਬੀ.ਸੀ.ਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਨੇੜੇ ਜੀ.ਟੀ.ਬੀ ਹਸਪਤਾਲ, ਹੋਲੀ ਹਾਰਟ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਮਾਤਾ ਨਗਰ, ਜੀ.ਐਸ. ਮੈਮੋਰੀਅਲ ਪਬਲਿਕ ਸਕੂਲ ਬਲਾਕ-ਏ ਬੀ.ਆਰ.ਐਸ ਨਗਰ, ਡੀ.ਏ.ਵੀ ਪਬਲਿਕ ਸਕੂਲ ਬਲਾਕ-ਸੀ ਬੀ.ਆਰ.ਐਸ ਨਗਰ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਬਲਾਕ-ਆਈ ਬੀ.ਆਰ.ਐਸ ਨਗਰ ਵਿਖੇ ਮਾਡਲ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।
ਇਸੇ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੇ ਲੋਧੀ ਕਲੱਬ ਵਿੱਚ ਮਹਿਲਾ ਪੋਲਿੰਗ ਸਟੇਸ਼ਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਗ੍ਰੀਨ ਪੋਲਿੰਗ ਸਟੇਸ਼ਨ ਸਥਾਪਤ ਕੀਤਾ ਗਿਆ ਹੈ। ਭਾਰਤੀ ਵਿਦਿਆ ਮੰਦਰ (ਬੀ.ਵੀ.ਐਮ) ਸੀਨੀਅਰ ਸੈਕੰਡਰੀ ਸਕੂਲ ਵਿੱਚ ਪੀ.ਡਬਲਯੂ.ਡੀ ਪੋਲਿੰਗ ਸਟੇਸ਼ਨ ਸਥਾਪਤ ਕੀਤਾ ਗਿਆ ਹੈ।
ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਲੁਧਿਆਣਾ ਪੱਛਮੀ ਹਲਕੇ ਦੇ ਪੋਲਿੰਗ ਸਟੇਸ਼ਨਾਂ ‘ਤੇ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 19 ਜੂਨ ਨੂੰ ਵੱਡੀ ਗਿਣਤੀ ਵਿੱਚ ਬਾਹਰ ਨਿਕਲਣ ਅਤੇ ਬਿਨਾਂ ਕਿਸੇ ਡਰ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।