ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ (ਸਮੇਤ ਪੀਣ ਵਾਲਾ ਸਾਫ਼ ਪਾਣੀ, ਬਿਜਲੀ, ਸਟਰੀਟ ਲਾਈਟਾਂ, ਸੁਚਾਰੂ ਸੜਕੀ ਆਵਾਜਾਈ ਆਦਿ) ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 35 ਦੇ ਮੁਹੱਲਾ ਫ਼ਤਹਿ ਸਿੰਘ ਨਗਰ ਦੀ ਗਲੀ ਨੰ.5 ਵਿੱਚ ਪੀਣ ਵਾਲੇ ਪਾਣੀ ਅਤੇ ਨਵੀਂ ਸੀਵਰ ਲਾਈਨ ਪਾਉਣ ਦੇ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਕੀਤਾ।
ਇਸ ਮੌਕੇ ਉਹਨਾਂ ਨਾਲ ਹਲਕਾ ਕੌਂਸਲਰ ਬੀਬੀ ਪ੍ਰਭਜੋਤ ਕੌਰ ਧੁੰਨਾ ਅਤੇ ਜਗਦੇਵ ਧੁੰਨਾ ਵੀ ਮੌਜੂਦ ਸਨ। ਵਿਧਾਇਕ ਛੀਨਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਚਿਰੌਕਣੀ ਮੰਗ ਨੂੰ ਬੂਰ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਣੀ ਦੀ ਲੀਕੇਜ ਅਤੇ ਗੰਦੇ ਪਾਣੀ ਦੀ ਸਪਲਾਈ ਕਾਰਨ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਸੀ, ਜਿਸ ਕਾਰਨ ਇਸ ਪ੍ਰਾਜੈਕਟ ਨੂੰ ਤੁਰੰਤ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਨਿਰਵਿਘਨ ਪਾਣੀ ਦੀ ਸਪਲਾਈ ਮਿਲ ਸਕੇਗੀ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਰੀਬ 19 ਲੱਖ ਰੁਪਏ ਖਰਚ ਕੀਤੇ ਜਾਣਗੇ।
ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਪੀਣ ਵਾਲਾ ਸਾਫ਼ ਪਾਣੀ ਮੁੱਢਲੀ ਲੋੜ ਹੈ ਜਿਸ ਨੂੰ ਪੂਰਾ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਅਤੇ ਵਿਕਾਸ ਪੱਖੋਂ ਕਿਸੇ ਵੀ ਖੇਤਰ ਵਿੱਚ ਕੋਈ ਕਮੀ ਨਹੀਂ ਛੱਡੀ ਜਾ ਰਹੀ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੌਕੇ ਪੀ.ਏ. ਹਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ।


