ਅੰਤ੍ਰਿੰਗ ਕਮੇਟੀ ਦੇ ਫੈਸਲੇ ਨੂੰ ਲੈ ਕੇ ਸੀਨੀਅਰ ਅਕਾਲੂ ਆਗੂ ਬਿਕਰਮ ਮਜੀਠੀਆ ਨੇਇੱਕ ਵੱਡਾ ਬਿਆਨ ਦਿੱਤਾ ਹੈ। ਦਰਅਸਲ ਬਿਕਰਮ ਮਜੀਠੀਆ ਨੇ ਅੰਤ੍ਰਿੰਗ ਕਮੇਟੀ ਦੇ ਫੈਸਲੇ ਤੋਂ ਅਸਹਿਮਤੀ ਜਤਾਈ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਕਮੇਟੀ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਮਨ ਨੂੰ ਡੂੰਘੀ ਠੇਸ ਪਹੁੰਚੀ ਹੈ।
ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਜਥੇਦਾਰ ਨੂੰ ਜਿਸ ਤਰੀਕੇ ਨਾਲ ਹਟਾਇਆ ਗਿਆ, ਸਿੱਖ ਸੰਗਤ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਇਸ ਤੋਂ ਇਲਾਵਾ ਲਖਬੀਰ ਸਿੰਘ ਲੋਧੀਨੰਗਲ, ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਜ਼ੋਧ ਸਿੰਘ ਸਮਰਾ, ਹਲਕਾ ਇੰਚਾਰਜ ਅਜਨਾਲਾ, ਸਰਬਜੋਤ ਸਿੰਘ ਸਾਬੀ, ਹਲਕਾ ਇੰਚਾਰਜ ਮੁਕੇਰੀਆਂ, ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸਿਮਰਨਜੀਤ ਸਿੰਘ ਢਿੱਲੋਂ ਯੂਥ ਆਗੂ ਨੇ ਇਸ ਫ਼ੈਸਲੇ ਨੂੰ ਲੈ ਕੇ ਵਿਰੋਧ ਜਤਾਇਆ ਹੈ।
ਇਸ ਤੋਂ ਇਲਾਵ ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਤੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦੀ ਮਾਣ ਮਰਿਯਾਦਾ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਅਤੇ ਆਖਰੀ ਸਾਹ ਤੱਕ ਕਰਦੇ ਰਹਾਂਗੇ। ਤਖਤ ਸਾਹਿਬ ਜੀ ਦੀ ਮਾਣ ਮਰਿਯਾਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਅਤੇ ਜੋ ਵੀ ਜਥੇਦਾਰ ਸਾਹਿਬਾਨ ਇਸ ਤਖਤ ‘ਤੇ ਬਿਰਾਜਮਾਨ ਹਨ ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਜੋ ਸਦਾ ਕਰਦੇ ਰਹਾਂਗੇ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਘਟਨਾਕ੍ਰਮ ਕਰਕੇ ਜੋ ਕੱਲ ਦਾ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਨੇ ਕੀਤਾ ਹੈ ਉਸ ਨਾਲ ਸਿੱਖ ਸੰਗਤ ਅਤੇ ਸਾਡੇ ਮਨਾਂ ਨੂੰ ਬਹੁਤ ਡੂੰਘੀ ਠੇਸ ਪਹੁੰਚੀ ਹੈ। ਗੁਰੂ ਸਾਹਿਬ ਜੀ ਨੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿੱਤਾ ਹੈ, ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ। ਪਿਛਲੇ ਕਾਫੀ ਲੰਮੇ ਸਮੇਂ ਤੋਂ ਜੋ ਘਟਨਾਕ੍ਰਮ ਵਾਪਰ ਰਹੇ ਹਨ, ਉਸ ਨਾਲ ਸਾਡੇ ਮਨ ਅੱਜ ਬਹੁਤ ਦੁਖੀ ਅਤੇ ਉਦਾਸ ਹਨ। ਚਾਹੇ ਉਹ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਪੰਥਕ ਏਕਤਾ ਵੱਲ ਪਹਿਲਕਦਮੀ ਕਰਨ ਵਿੱਚ ਪੁੱਟੇ ਜਾਣ ਵਾਲੇ ਕਦਮ ਹੋਣ, ਜੋ ਕੁਝ ਸਮੇਂ ਤੋਂ ਨਹੀਂ ਪੁੱਟੇ ਗਏ। ਇਹਨਾਂ ਕਾਰਨਾਂ ਕਰਕੇ ਅੱਜ ਇਹੋ ਜਿਹੇ ਹਾਲਾਤ ਬਣ ਗਏ ਹਨ, ਜਿਨ੍ਹਾਂ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ।
ਭਾਵੇਂ ਸੁਧਾਰ ਲਹਿਰ ਵਾਲੇ, ਕੁਝ ਪੰਥਕ ਲੋਕ ਹੋਣ, ਅਸੀੰ ਸਾਰੇ ਹੀ ਇਹਨਾਂ ਹਲਾਤਾ ਤੋਂ ਪਾਸਾ ਵੱਟਦੇ ਰਹੇ ਹਾਂ। ਅੱਜ ਬੜੀ ਗੰਭੀਰਤਾ ਨਾਲ ਇਹ ਕਹਿ ਰਹੇ ਹਾਂ ਕਿ ਸਾਨੂੰ ਸਾਰਿਆਂ ਨੂੰ ਜਿੰਮੇਵਾਰੀ ਸਮਝਦੇ ਹੋਏ ਸ਼ਹੀਦਾਂ ਦੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਜਿਸ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਹੋਵੇ, ਉਸ ਨੂੰ ਟੁੱਟਣ ਤੋਂ ਬਚਾਉੰਣ ਵਾਸਤੇ ਅੱਗੇ ਹੋ ਕੇ ਇਕ ਸਾਂਝੀ ਰਾਏ ਬਣਾਉਣ ਦੀ ਲੋੜ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਬਹਾਲ ਰੱਖਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਜੋ ਹਾਲਾਤ ਪਿਛਲੇ ਦਿਨਾਂ ਤੋਂ ਚਲ ਰਹੇ ਹਨ, ਇਹਨਾਂ ਨੂੰ ਦੇਖਦੇ ਹੋਏ ਸਾਡੇ ਅਤੇ ਸਾਡੀ ਪਾਰਟੀ ਸ੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੇ ਮਨ ਵਿਚ ਬੜੀ ਪੀੜ ਹੈ। ਜਿਸ ਨੂੰ ਮਹਿਸੂਸ ਕਰਦੇ ਹੋਏ ਅਸੀਂ ਸਮਝਦੇ ਹਾਂ ਕਿ ਇਹ ਲੀਡਰਸ਼ਿਪ ਦੀ ਆਪਸੀ ਖਿਚੋਤਾਣ ਕਰਕੇ ਹੋਇਆ ਹੈ। ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਵਾਲੇ ਅਤੇ ਸੁਧਾਰ ਲਹਿਰ ਵਾਲੇ ਇੱਕੋ ਪਰਿਵਾਰ ਵਿੱਚ ਰਹਿ ਕੇ ਪਾਰਟੀ ਦਾ ਕੰਮ ਕਰਦੇ ਰਹੇ ਹਾਂ।
ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਪਸੀ ਖਿਚੋਤਾਣ ਕਰਕੇ ਹੀ ਇਹ ਸਭ ਕੁਝ ਵਾਪਰਿਆ ਹੈ, ਜਿਸ ਨਾਲ ਪੰਥ ਵਿਰੋਧੀ ਸ਼ਕਤੀਆਂ ਨੂੰ ਬਲ ਮਿਲਿਆ ਹੈ ਅਤੇ ਪੰਥਕ ਏਕਤਾ ਅਤੇ ਪੰਜਾਬ ਦੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਜਿਸ ਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਅਸੀਂ ਅੱਜ ਵੀ ਅਪੀਲ ਕਰਦੇ ਹਾਂ ਕਿ ਆਪਸੀ ਮਤਭੇਦ ਅਤੇ ਰੰਜਿਸ਼ਾਂ ਭੁਲਾ ਕੇ ਦਰਿਆਦਿਲੀ ਦਿਖਾਉਂਦੇ ਹੋਏ ਪਾਰਟੀ ਦੇ ਵਾਸਤੇ ਦਿੱਤੀਆਂ ਪਰਿਵਾਰਾਂ ਦੀ ਕੁਰਬਾਨੀਆਂ ਨੂੰ ਮੱਦੇਨੱਜਰ ਰਖਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੀ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਇਕ ਮੰਚ ‘ਤੇ ਇੱਕਠੇ ਹੋ ਕੇ ਪੰਜਾਬ ਅਤੇ ਪੰਥ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਕੈਬਨਿਟ ਮੰਤਰੀ, ਲਖਬੀਰ ਸਿੰਘ ਲੋਧੀਨੰਗਲ, ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਜੋਧ ਸਿੰਘ ਸਮਰਾ ਹਲਕਾ ਇੰਚਾਰਜ ਅਜਨਾਲਾ, ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਮੁਕੇਰੀਆ, ਰਮਨਦੀਪ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੇ ਸਿਮਰਨਜੀਤ ਸਿੰਘ ਢਿੱਲੋਂ ਯੂਥ ਆਗੂ ਪੰਜਾਬ ਮੌਜੂਦ ਸਨ।


