ਡੀਗੜ੍ਹ ਸਿਟੀ ਬਿਊਟੀਫੁੱਲ ਨੂੰ ਨਵਾਂ ਮੇਅਰ ਮਿਲ ਗਿਆ ਹੈ। ਬੀਜੇਪੀ ਦੀ ਹਰਪ੍ਰੀਤ ਕੌਰ ਬਬਲਾ ਨੇ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਜਿੱਤ ਲਈ ਹੈ। ਭਾਜਪਾ ਦੇ ਹੱਕ ਵਿੱਚ 19 ਵੋਟਾਂ ਪਈਆਂ ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ 17 ਵੋਟਾਂ ਪਈਆਂ। ਸਾਰੇ 35 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਨੇ ਆਪਣੀ ਵੋਟ ਪਾਈ। ਨਵੇਂ ਮੇਅਰ ਬਣੇ ਹਰਪ੍ਰੀਤ ਬਬਲਾ ਕੌਣ ਹਨ ਆਓ ਜਾਣਦੇ ਹਾਂ………..
ਜਾਣਕਾਰੀ ਅਨੁਸਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਨੇ ਭਾਜਪਾ ਦੇ ਹੱਕ ’ਚ ਕਰਾਸ-ਵੋਟਿੰਗ ਕੀਤੀ ਹੈ ਪਰ ਕਿਉਂਕਿ ਵੋਟਿੰਗ ਗੁਪਤ ਵੋਟਿੰਗ ਰਾਹੀਂ ਹੁੰਦੀ ਹੈ, ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਕਿਸਨੇ ਕਰਾਸ-ਵੋਟਿੰਗ ਕੀਤੀ। 16 ਕੌਂਸਲਰਾਂ ਨਾਲ ਭਾਜਪਾ ਆਪਣਾ ਮੇਅਰ ਚੁਣਨ ’ਚ ਸਫ਼ਲ ਰਹੀ। ਕਾਂਗਰਸ ਸੰਸਦ ਮੈਂਬਰ ਦੀ ਇੱਕ ਵੋਟ, ਕਾਂਗਰਸ ਦੀਆਂ 6 ਵੋਟਾਂ ਅਤੇ ਆਮ ਆਦਮੀ ਪਾਰਟੀ ਦੀਆਂ 13 ਵੋਟਾਂ ਦੇ ਬਾਵਜੂਦ, ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਮੇਅਰ ਦੀ ਚੋਣ ਹਾਰ ਗਿਆ।
ਹਰਪ੍ਰੀਤ ਕੌਰ ਬਬਲਾ ਕੌਣ ਹੈ ?
ਹਰਪ੍ਰੀਤ ਕੌਰ ਬਬਲਾ ਸੇਵਾਮੁਕਤ ਫ਼ੌਜ ਦੇ ਕਰਨਲ ਦੀ ਧੀ ਹਨ। ਹਰਪ੍ਰੀਤ ਬਬਲਾ ਦੇ ਪਰਿਵਾਰ ’ਚ ਉਨ੍ਹਾਂ ਦੇ ਪਤੀ ਦਵਿੰਦਰ ਸਿੰਘ ਬਬਲਾ ਦੋ ਵਾਰ ਸਾਬਕਾ ਕੌਂਸਲਰ ਰਹਿ ਚੁੱਕੇ ਹਨ ਨਾਲ ਹੀ ਨਗਰ ਨਿਗਮ ’ਚ ਵਿਰੋਧੀ ਧਿਰ ਦੇ ਆਗੂ ਵੀ ਰਹੇ ਹਨ। ਇਸ ਤੋਂ ਇਲਾਵਾ ਉਹ ਚੰਡੀਗੜ੍ਹ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸਤੋਂ ਇਲਾਵਾ ਪਰਿਵਾਰ ’ਚ ਉਨ੍ਹਾਂ ਦੇ ਦੋ ਪੁੱਤਰ ਵੀ ਹਨ। ਜਿਨ੍ਹਾਂ ’ਚੋਂ ਵੱਡੇ ਪੁੱਤਰ ਯੁੱਧਵੀਰ ਸਿੰਘ ਬਬਲਾ ਦਾ ਰੀਅਲ ਇਸਟੇਟ ਦਾ ਕਾਰੋਬਾਰ ਹੈ ਤਾਂ ਛੋਟੇ ਪੁੱਤਰ ਪਰਮਵੀਰ ਸਿੰਘ ਬਬਲਾ ਚੰਡੀਗੜ੍ਹ ਕਲਬ ਦੇ ਕਾਰਜਕਾਰੀ ਮੈਂਬਰ ਹਨ।
ਹਰਪ੍ਰੀਤ ਕੌਰ ਬਬਲਾ ਦਾ ਹਵਾਈ ਫ਼ੌਜ ਦੇ ਸਾਬਕਾ ਅਧਿਕਾਰੀ ਦੀ ਪਤਨੀ ਨਾਲ ਸੀ ਮੁਕਾਬਲਾ
ਇਸ ਚੋਣ ’ਚ ਹਰਪ੍ਰੀਤ ਕੌਰ ਬਬਲਾ ਦਾ ਸਾਹਮਣਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੇਮ ਲਤਾ ਨਾਲ ਸੀ। ਪ੍ਰੇਮ ਲਤਾ ਭਾਰਤੀ ਹਵਾਈ ਸੈਨਾ ਦੇ ਸੇਵਾਮੁਕਤ ਅਧਿਕਾਰੀ ਦੀ ਪਤਨੀ ਹਨ। ਉਹ ਇਸ ਵੇਲੇ ਇੱਕ ਸਰਕਾਰੀ ਸਕੂਲ ’ਚ ਅੰਗਰੇਜ਼ੀ ਦੀ ਅਧਿਆਪਕਾ ਵੱਜੋਂ ਸੇਵਾਵਾਂ ਨਿਭਾ ਰਹੇ ਹਨ।
ਜ਼ਿਕਰਯੋਗ ਹੈ ਕਿ ਤਿੰਨ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ ਹੈ। ਇਹ ਤਿੰਨੋਂ ਵੋਟਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੁਆਰਾ ਪਾਈਆਂ ਗਈਆਂ ਹਨ। ਇਸ ਨਾਲ ਪ੍ਰੇਮ ਲਤਾ ਹਾਰ ਗਏ ਅਤੇ ਹਰਪ੍ਰੀਤ ਕੌਰ ਬਬਲਾ ਜਿੱਤ ਗਏ। ਉੱਧਰ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੇ ਕਾਂਗਰਸ ਨੇ ਕਬਜ਼ਾ ਕੀਤਾ ਹੈ।


