ਜਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾ ਦੀ ਵਰਤੋ ਕਰਦੇ ਹੋਏ ਜਿਲਾ ਫਰੀਦਕੋਟ ਵਿੱਚ ਚਾਈਨਾ ਡੋਰ ਦੀ ਵਿਕਰੀ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਜਿਸ ਦੇ ਤਹਿਤ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋ ਲਗਾਤਾਰ ਚਾਇਨਾ ਡੋਰ ਵੇਚਣ ਵਾਲਿਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਥਾਣਾ ਸਦਰ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 05 ਮਿਤੀ 02-01-2025 ਅ/ਧ 223 ਬੀ.ਐਨ.ਐਸ ਥਾਣਾ ਸਦਰ ਕੋਟਕਪੂਰਾ ਦਰਜ ਰਜਿਸਟਰ ਕਰਕੇ ਵਿਜੇ ਕੁਮਾਰ ਪੁੱਤਰ ਮਾਲਾ ਰਾਮ ਵਾਸੀ ਗਲੀ ਨੰ.1, ਪ੍ਰੇਮ ਨਗਰ ਕੋਟਕਪੂਰਾ ਨੂੰ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋ ਦੱਸਿਆ ਕਿ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਸੂਤੀ ਧਾਗੇ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਸੁਰੱਖਿਅਤ ਅਤੇ ਵਾਤਾਵਰਣ-ਮਿਤਰ ਹੈ। ਉਹਨਾ ਕਿਹਾ ਕਿ ਚਾਈਨਾ ਡੋਰ ਪਲਾਸਟਿਕ ਤੋਂ ਬਣੀ ਹੁੰਦੀ ਹੈ ਜੋ ਕਾਫੀ ਮਜ਼ਬੂਤ ਹੋਣ ਨਾਲ ਸੜਕਾਂ, ਜਾਨਵਰਾਂ, ਪੰਛੀਆਂ ਅਤੇ ਮਨੁੱਖੀ ਜਾਨਾਂ ਲਈ ਘਾਤਕ ਸਾਬਤ ਹੋ ਸਕਦੀ ਹੈ।ਚਾਈਨਾ ਡੋਰ ਦੀ ਵਰਤੋਂ ਨਾਲ ਘਟਨਾਵਾਂ ਵਾਪਰਦੀਆਂ ਹਨ ਜਿਵੇਂ ਕਿ ਪਤੰਗ ਉਡਾਉਣ ਵਾਲਿਆਂ ਦੇ ਹੱਥ ਅਤੇ ਉਂਗਲਾਂ ਕੱਟ ਜਾਣਾ, ਅਤੇ ਸੜਕ ’ਤੇ ਸਾਇਕਲ ਜਾਂ ਸਕੂਟਰ ਚਲਾਉਣ ਵਾਲਿਆਂ ਦੇ ਗਲ ਜਾਂ ਕੰਨ ਨੂੰ ਗੰਭੀਰ ਸੱਟਾਂ ਲਗਣੀਆਂ। ਇਸ ਤੋਂ ਇਲਾਵਾ, ਇਹ ਡੋਰ ਪੰਛੀਆਂ ਅਤੇ ਜਾਨਵਰਾਂ ਦੀ ਜਾਨ ਲਈ ਵੀ ਖਤਰਾ ਪੈਦਾ ਕਰਦੀ ਹੈ।